ਮੁਹਾਲੀ (ਬਿਊਰੋ) ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਮੋਹਾਲੀ ਦੇ ਖਰੜ ਫਲਾਈਓਵਰ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ।ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ।ਇਹ ਹਾਦਸਾ ਸਵੇਰੇ ਕਰੀਬ 3 ਵਜੇ ਖਰੜ ਫਲਾਈਓਵਰ ‘ਤੇ ਵਾਪਰਿਆ।ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵਾਂ ਵਾਹਨਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਟੁੱਟ ਗਏ ਹਨ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਜਾਣਕਾਰੀ ਅਨੁਸਾਰ ਐਕਸਯੂਵੀ ਕਾਰ ਅਤੇ ਆਲਟੋ ਕਾਰ ਵਿਚਾਲੇ ਜ਼ੋਰਦਾਰ ਟੱਕਰ ਹੋਣ ਕਾਰਨ ਆਲਟੋ ਕਾਰ ਵਿੱਚ ਸਵਾਰ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਜ਼ਖ਼ਮੀ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਐਕਸਯੂਵੀ ਚਾਲਕ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ।ਮ੍ਰਿਤਕ ਔਰਤ ਦੀ ਪਛਾਣ 19 ਸਾਲਾ ਅੰਜਨਾ ਰਾਣੀ ਪਿੰਡ ਭੁਲੱਥ ਤਹਿਸੀਲ ਫਿਲੌਰ ਪੰਜਾਬ ਵਜੋਂ ਹੋਈ ਹੈ। ਜੋ ਆਲਟੋ ਕਾਰ ਵਿੱਚ ਸਵਾਰ ਸੀ। ਜਦਕਿ ਜ਼ਖਮੀ ਦੀ ਪਛਾਣ ਮੰਗਤ ਰਾਮ ਵਜੋਂ ਹੋਈ ਹੈ, ਜਿਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।ਹਾਦਸੇ ਸਮੇਂ ਐਕਸਯੂਵੀ ਕਾਰ ਦਾ ਡਰਾਈਵਰ ਗਲਤ ਸਾਈਡ ‘ਤੇ ਆ ਰਿਹਾ ਸੀ। ਇਸੇ ਦੌਰਾਨ ਉਸ ਨੇ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਤੁਰੰਤ ਬਾਅਦ ਐਕਸਯੂਵੀ ਕਾਰ ਦਾ ਡਰਾਈਵਰ ਮੌਕੇ ‘ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਪੁਲਸ ਨੇ ਨੁਕਸਾਨੇ ਗਏ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।।