ਸ੍ਰੀ ਗੋਇੰਦਵਾਲ ਸਾਹਿਬ (ਬਿਊਰੋ) ਪੁਲਿਸ ਨੂੰ ਦਿੱਤੀ ਦਰਖਾਸਤ ’ਤੇ ਕਾਰਵਾਈ ਨਾ ਹੋਣ ਕਾਰਨ ਫ਼ਤਿਆਬਾਦ ਦੇ ਕਿਲ੍ਹਾ ਮੁਹੱਲਾ ਵਾਸੀ ਇਕ ਔਰਤ ਨੇ ਅੱਕ ਕੇ ਪੈਟਰੋਲ ਦੀ ਬੋਤਲ ਹੱਥ ‘ਚ ਲੈ ਕੇ ਚੌਂਕੀ ਫ਼ਤਿਆਬਾਦ ਅੱਗੇ ਧਰਨਾ ਲਗਾ ਦਿੱਤਾ ਗਿਆ। ਸੁਖਵਿੰਦਰ ਕੌਰ ਵਾਸੀ ਕਿਲ੍ਹਾ ਮੁਹੱਲਾ ਫ਼ਤਿਆਬਾਦ ਨੇ ਜਾਣਕਾਰੀ ਦਿੱਤੀ ਕਿ ਮਿਤੀ 12 ਅਪ੍ਰੈਲ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਉਸ ਦੇ ਪਤੀ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਸਬੰਧ ਵਿਚ ਉਸ ਨੇ ਪੁਲਿਸ ਚੌਂਕੀ ਫ਼ਤਿਆਬਾਦ ਵਿਖੇ ਹਮਲਾਵਰਾਂ ਖ਼ਿਲਾਫ਼ ਦਰਖਾਸਤ ਦਿੱਤੀ ਸੀ। ਪਰ ਕਈ ਦਿਨ ਬੀਤ ਜਾਣ ’ਤੇ ਵੀ ਪੁਲਿਸ ਵੱਲੋਂ ਨਾ ਤਾਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ।ਰੋਸ ਵਜੋਂ ਉਸ ਨੇ ਇਨਸਾਫ ਲਈ ਚੌਕੀ ਫ਼ਤਿਆਬਾਦ ਅੱਗੇ ਧਰਨਾ ਲਾਇਆ। ਉਸ ਨੇ ਦੱਸਿਆ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਸਮਾਂ ਦਿੱਤਾ ਗਿਆ ਸੀ ਪਰ ਪੁਲਿਸ ਵੱਲੋਂ ਕਾਰਵਾਈ ਨਾ ਕਰਨ ’ਤੇ ਉਹ ਸਮਾਂ ਵੀ ਬੀਤ ਗਿਆ ਜਿਸ ’ਤੇ ਮਹਿਲਾ ਨੇ ਖ਼ੁਦ ’ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ। ਫ਼ਤਿਆਬਾਦ ਚੌਂਕੀ ਦੇ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਦੋਹਾਂ ਧਿਰਾਂ ਵਿਚ ਝਗਡ਼ਾ ਹੋਇਆ ਹੈ ਅਤੇ ਦੋਵਾਂ ਧਿਰਾਂ ਦੇ ਲੋਕ ਹਸਪਤਾਲ ਵਿਚ ਦਾਖਲ ਹਨ ਤੇ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਚੌਕੀ ਇੰਚਾਰਜ ਵੱਲੋ ਕਰਵਾਈ ਦਾ ਭਰੋਸਾ ਦੇਣ ’ਤੇ ਧਰਨਾ ਮੁਜ਼ਾਹਰਾ ਕਰ ਰਹੀ ਮਹਿਲਾ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ।