ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸਾਰੀਆਂ ਪਾਰਟੀਆਂ ਰਾਜਾਂ ਵਿਚ ਆਪੋ-ਆਪਣੇ ਕੁਨਬੇ ਨੂੰ ਇਕੱਠੇ ਕਰਨ ਵਿਚ ਰੁੱਝੀਆਂ ਹੋਈਆਂ ਹਨ ਤਾਂ ਜੋ ਪਾਰਟੀ ਦੀ ਸੂਬਾ ਪੱਧਰ ’ਤੇ ਲੀਡਰਸ਼ਿਪ ਵਿਚਲੇ ਮਤਭੇਦਾਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਾਰਿਆਂ ਨੂੰ ਇਕਜੁੱਟ ਕੀਤਾ ਜਾ ਸਕੇ ਤਾਂਕਿ ਇਕ ਮੰਚ ’ਤੇ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾ ਸਕਣ। ਪਰ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਇਸ ਰਣਨੀਤੀ ਦੇ ਉਲਟ ਚੱਲਣੀ ਸ਼ੁਰੂ ਹੋ ਗਈ ਹੈ। ਧੜੇ੍ਹਾਬਜ਼ੀ ਖਤਮ ਕਰਕੇ ਇਕੱਠੇ ਹੋਣ ਦੀ ਬਜਾਏ ਪੰਜਾਬ ’ਚ ਕਾਂਗਰਸ ਦਾ ਗ੍ਰਾਫ ਹੋਰ ਵਿਗੜਦਾ ਜਾ ਰਿਹਾ ਹੈ ਅਤੇ ਪਹਿਲਾਂ ਵਾਂਗ ਪੰਜਾਬ ਵਿਚ ਕਾਂਗਰਸ ਦੇ ਦੋ ਪਲੇਟਫਾਰਮ ਬਣਦੇ ਨਜ਼ਰ ਆ ਰਹੇ ਹਨ। ਜਿਸ ’ਚ ਕਾਂਗਰਸ ਦੇ ਫਾਇਰ ਲੀਡਰ ਨਵਜੋਤ ਸਿੰਘ ਸਿੱਧੂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦੇ ਵੱਡੇ ਵਿਰੋਧ ਦੇ ਬਾਵਜੂਦ ਵੀ ਸਿੱਧੂ ਨੇ ਬਠਿੰਡਾ ਜ਼ਿਲ੍ਹੇ ਵਿੱਚ ਆਪਣੀ ਵੱਖਰੀ ਰੈਲੀ ਕੀਤੀ। ਜਿਸ ਵਿੱਚ ਉਹ ਬਠਿੰਡਾ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਇਕੱਠ ਕਰਨ ਵਿਚ ਸਫ਼ਲ ਰਹੇ ਅਤੇ ਉਸੇ ਸਮੇਂ ਹੀ ਉਨ੍ਹਾਂ 9 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਵੀ ਅਜਿਹੀ ਹੀ ਰੈਲੀ ਕਰਨ ਦਾ ਐਲਾਨ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਹਰ ਕੰਮ ਕਰਨ ਲਈ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਵੀ ਕੀਤੀ। ਜਦਕਿ ਸਿੱਧੂ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਕੋਈ ਵੀ ਦਲੀਲ ਨਹੀਂ ਸੁਣੀ ਅਤੇ ਨਾ ਹੀ ਮੰਨਣ ਨੂੰ ਤਿਆਰ ਹੈ ਅਤੇ ਉਹ ਵੱਖਰੇ ਤੌਰ ’ਤੇ ਆਪਣੀ ਡਫਲੀ ਵਜਾਉਣ ਵਿਚ ਮਸਤ ਹੋ ਗਏ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਲਈ ਮੁਸੀਬਤ ਖੜ੍ਹੀ ਕੀਤੀ ਹੋਵੇ। ਇਸਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਕੁਝ ਸਮੇਂ ਲਈ ਨਵਜੋਤ ਸਿੰਘ ਸਿੱਧੂ ਮੱੁਖ ਮੰਤਰੀ ਅਮਰਿੰਦਰ ਸਿੰਘ ਦੀ ਕਮਾਨ ਹੇਠ ਰਹੇ। ਪਰ ਕੁਝ ਸਮੇਂ ਬਾਅਦ ਉਨ੍ਹਾਂ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਸਥਿਤੀ ਨੂੰ ਅਜਿਹਾ ਪੇਚੀਦਾ ਬਣਾ ਦਿਤਾ ਅਤੇ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਕੇ ਅਜਿਹੀ ਸਥਿਤੀ ਪੈਦਾ ਕਰ ਦਿਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਸਮੇਂ ਸਿੱਧੂ ਨੂੰ ਆਸ ਸੀ ਕਿ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਦੇਵੇਗੀ, ਪਰ ਅਜਿਹਾ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿਤਾ ਗਿਆ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਪਰ ਕੁਝ ਸਮੇਂ ਬਾਅਦ ਚੰਨੀ ਦੇ ਨਾਲ ਉਨ੍ਹਾਂ ਦਾ 36 ਦਾ ਅੰਕੜਾ ਬਣ ਗਿਆ। ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਪਾਰਟੀ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਗਈ ਅਤੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਉਨ੍ਹਾਂ ਪ੍ਰਚਾਰ ਕਰਨ ਦੀ ਜਰੂਰਤ ਨਹੀਂ ਸਮਝੀ। ਜਿਸ ਕਾਰਨ ਪਾਰਟੀ ਪੰਜਾਬ ਵਿਚ ਮੂੱਧ ਮੂੰਹ ਡਿੱਗੀ ਅਤੇ ਸਿੱਧੂ ਖੁਦ ਵੀ ਆਪਣੀ ਸੀਟ ਹਾਰ ਗਏ। ਜਿਸ ਤੋਂ ਬਾਅਦ ਕਾਫੀ ਸਮਾਂ ਚੁੱਪ ਰਹਿਣ ਤੋਂ ਬਾਅਦ ਅਚਾਨਕ ਨਵਜੋਤ ਸਿੰਘ ਸਿੱਧੂ ਹੁਣ ਫਿਰ ਤੋਂ ਸਰਗਰਮ ਹੋ ਗਏ। ਕਾਂਗਰਸ ਹਾਈਕਮਾਂਡ ਵੱਲੋਂ ਇੰਡੀਆ ਗਠਦੋੜ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਸ ਦੇ ਖਿਲਾਫ ਹੈ। ਇਸੇ ਗੱਲ ਨੂੰ ਲੈ ਕੇ ਹੀ ਪੰਜਾਬ ਵਿਚ ਹੁਣ ਕਾਂਗਰਸ ਦੇ ਦੋ ਕੇਂਦਰ ਬਿੰਦੂ ਬਨਣੇ ਸ਼ੁਰੂ ਹੋ ਗਏ। ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਸੰਸਦ ਰਵਨੀਤ ਸਿੰਘ ਬਿੱਟੂ ਅਤੇ ਕੁਝ ਹੋਰ ਸੰਸਦ ਮੈਂਬਰ ਵੀ ਆਪ ਨਾਲ ਸਮਝੌਤਾ ਕਰਕੇ ਲੋਕ ਸਭਾ ਚੋਣ ਲੜਨ ਦੇ ਹੱਕ ਵਿੱਚ ਹਨ। ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਬਾਕੀ ਲੀਡਰਸ਼ਿਪ ਪੰਜਾਬ ਵਿਚ ਆਪ ਨਾਲ ਸਮਝੌਤਾ ਕਰਨ ਦੇ ਪੂਰੀ ਤਰ੍ਹਾਂ ਨਾਲ ਖਿਲਾਫ ਹੈ। ਇਸ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਇਕਾਈ ਆਹਮੋ-ਸਾਹਮਣੇ ਆ ਗਈ। ਜਿੱਥੇ ਪੰਜਾਬ ਇਕਾਈ ਨੇ ਸਿੱਧੂ ’ਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਰੈਲੀਆਂ ਕਰਨ ਦਾ ਦੋਸ਼ ਲਾਇਆ, ਉਥੇ ਹੀ ਨਵਜੋਤ ਸਿੰਘ ਸਿੱਧੂ ਇਹ ਕਹਿ ਕੇ ਨਕਾਰ ਰਹੇ ਹਨ ਕਿ ਉਹ ਤਾਂ ਕਾਂਗਰਸ ਦੀ ਕੇਂਦਰੀ ਹਾਈਕਮਾਂਡ ਦੇ ਫੈਸਲੇ ਅਨੁਸਾਰ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਬਣਾ ਰਹੇ ਹਨ। ਅਜਿਹੇ ’ਚ ਪੰਜਾਬ ’ਚ ਇਕ ਵਾਰ ਫਿਰ ਤੋਂ ਕਾਂਗਰਸ ਦੀਆਂ ਮੁਸ਼ਿਕਲਾ ਵਧ ਸਕਦੀਆਂ ਹਨ। ਇਸ ਲਈ ਕਾਂਗਰਸ ਹਾਈ ਕਮਾਂਡ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਦਾ ਮਾੜਾ ਨਤੀਜਾ ਭੁਗਤਣਾ ਪੈ ਸਕਦਾ ਹੈ। ਇਸ ਲਈ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਹੁਣ ਤੋਂ ਹੀ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਇੱਕੋ ਮੰਚ ਤੋਂ ਆਪਣੇ ਵਿਚਾਰ ਪੇਸ਼ ਕਰਨ ਦੇ ਆਦੇਸ਼ ਦੇਣੇ ਚਾਹੀਦੇ ਹਨ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਇਸ ਲੜਾਈ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਕੁਝ ਸਮਾਂ ਹੋਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਨਵਜੋਤ ਸਿੰਘ ਸਿੱਧੂ ਦੀ ਡਫਲੀ ਪੰਜਾਬ ਕਾਂਗਰਸ ਲਈ ਭਾਰੀ ਸਾਬਿਤ ਹੋਵੇਗੀ।
ਹਰਵਿੰਦਰ ਸਿੰਘ ਸੱਗੂ।