ਲੋਕ ਸਭਾ ਚੋਣਾਂ ਨੇੜੇ ਨਾ ਆਉਣ ਕਾਰਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਦਿਲਾਂ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਹੈ। ਇੰਡੀਆ ਗਠਜੋੜ ਨੇ ਭਾਜਪਾ ਵਿਰੁੱਧ ਸਾਰੇ ਰਾਜਾਂ ਵਿੱਚ ਸਾਰੀਆਂ ਪਾਰਟੀਆਂ ਨਾਲ ਤਾਲਮੇਲ ਕਰਕੇ ਇੱਕ-ਇੱਕ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ ਲਿਆ ਹੈ। ਦੇਸ਼ ਦੇ ਕਈ ਵੱਡੇ ਰਾਜਾਂ ਵਿੱਚ ਕਾਂਗਰਸ ਲਈ ਖੇਤਰੀ ਪਾਰਟੀਆਂ ਨਾਲ ਤਾਲਮੇਲ ਕਾਇਮ ਰੱਖਣਾ ਔਖਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਰਾਜਾਂ ਵਿੱਚੋਂ ਪੰਜਾਬ ਵੀ ਸਭ ਤੋਂ ਅਹਿਮ ਹੈ। ਜਿੱਥੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜਨ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਹਾਲ ਹੀ ਵਿੱਚ ਜਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕਰਨ ਲਈ ਪੰਜਾਬ ਆਏ ਸਨ ਤਾਂ ਉਨ੍ਹਾਂ ਨਾਲ ਇਸ ਅਹਿਮ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਪ੍ਰਗਟ ਸਿੰਘ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਚਰਨਜੀਤ ਸਿੰਘ ਚੰਨੀ ਨਹੀਂ ਪੁੱਜੇ। ਮੌਜੂਦ ਬਾਕੀ ਵਿਧਾਇਕਾਂ ਨੇ ਪੰਜਾਬ ਪ੍ਰਧਾਨ ਸਮੇਤ ਆਪ ਨਾਲ ਗਠਜੋੜ ਕਰਨ ਦਾ ਸਖਤ ਵਿਰੋਧ ਕੀਤਾ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਹਾਈ ਕਮਾਂਡ ਪੰਜਾਬ ਵਿੱਚ ਚੋਣਾਂ ਆਪ ਨਾਲ ਗਠਜੋੜ ਕਰਕੇ ਲੜਣ ਦਾ ਐਲਾਣ ਕਰਦੀ ਹੈ ਤਾਂ ਉਨ੍ਹਾਂ ਕੋਲ ਘਰ ਬੈਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਅਜਿਹੀ ਹਾਲਤ ਵਿਚ ਲੋਕ ਸਭਾ ਚੋਣਾਂ ਵਿਚ ਗਠਜੋੜ ਦੇ ਬਾਵਜੂਦ ਕਾਂਗਰਸ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਦੋਵਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਵੀ ਇਸ ਬਾਰੇ ਲਗਾਤਾਰ ਮੀਟਿੰਗਾ ਕਰ ਰਹੀ ਹੈ। ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਅਤੇ ਆਮ ਆਦਮੀ ਪਾਰਟੀ ਹਨ ਰਾਘਵ ਚੱਢਾ, ਸੌਰਵ ਭਾਰਦਵਾਜ ਨੇ ਸੰਦੀਪ ਪਾਠਕ ਆਦਿ ਨੇਤਾਵਾਂ ਨੇ ਬੈਠਕ ਕਰਕੇ ਪੰਜਾਬ ਦੇ ਸਿਆਸੀ ਮਾਹੌਲ ’ਤੇ ਚਰਚਾ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਹਾਲਾਂਕਿ ਦੋਵਾਂ ਪਾਰਟੀਆਂ ਦੇ ਆਗੂ ਇਹ ਕਹਿ ਰਹੇ ਹਨ ਕਿ ਮੀਟਿੰਗ ਵਧੀਆ ਅਤੇ ਖੁਸ਼ਹਾਲ ਮਾਹੌਲ ’ਚ ਹੋਈ ਹੈ। ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਪੰਜਾਬ ’ਚ ਗਠਜੋੜ ਹੋ ਜਾਂਦਾ ਹੈ ਤਾਂ ‘‘ ਦਲ ਹੀ ਮਿਲਣਗੇ, ਦਿਲ ਨਹੀਂ ’’ ਦੋਵੇਂ ਪਾਰਟੀਆਂ ਦੇ ਆਗੂ ਇਕ ਦੂਸਰੇ ਲਈ ਵੋਟਾਂ ਨਹੀਂ ਮੰਗਣਗੇ ਸਗੋਂ ਅੰਦਰ ਖਾਤੇ ਇਕ ਦੂਸਰੇ ਦਾ ਜਬਰਦਸਤ ਵਿਰੋਧ ਹੋਵੇਗਾ ਜੋ ਦੋਵਾਂ ਲਈ ਹੀ ਭਾਰੀ ਸਾਬਿਤ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੁਕਦਮੇ ਦਰਜ ਕਰਕੇ ਜੇਲ੍ਹ ਭੇਜ ਦਿਤਾ ਅਤੇ ਕਈ ਅਜੇ ਕਾਨੂੰਨੀ ਪੇਚੀਦਗੀਆਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਇਸ ਵਿਦਰੋਹ ਤੇ ਅੱਗ ’ਚ ਘਿਓ ਪਾਉਣ ਦਾ ਕੰਮ ਉਸ ਸਮੇਂ ਹੋਇਆ ਜਦੋਂ ਅਦਾਲਤ ਨੇ ਸੁਖਪਾਲ ਸਿੰਘ ਖੈਹਰਾ ਨੂੰ ਡਰੱਗ ਮਾਮਲੇ ’ਚ ਜ਼ਮਾਨਤ ਦੇ ਦਿਤੀ ਅਆਤੇ ਅਗਲੇ ਹੀ ਪਲ ਖੈਹਰਾ ਤੇ ਇਕ ਹੋਰ ਮੁਕਦਮਾ ਦਰਜ ਕਰਕੇ ਫਿਰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਤਾਂ ਅਜਿਹੇ ਹਾਲਾਤ ’ਚ ਉਹ ਵੋਟਾਂ ਆਪ ਲਈ ਕਿਵੇਂ ਮੰਗ ਸਕਦੇ ਹਨ? ਆਮ ਆਦਮੀ ਪਾਰਟੀ ਲਈ ਵੀ ਅੱਗੇ ਇਸੇ ਤਰ੍ਹਾਂ ਦੀ ਮੁਸ਼ਿਕਲ ਸਾਹਮਣੇ ਖੜੀ ਹੋਵੇਗੀ ਕਿਉਂਕਿ ਉਹ ਕਿਸ ਤਰ੍ਹਾਂ ਸਟੇਜ ’ਤੇ ਜਾ ਕੇ ਉਸ ਪਾਰਟੀ ਲਈ ਵੋਟਾਂ ਮੰਗਣਗੇ ਜਿਸ ਦੀ ਬਹੁਤੀ ਲੀਡਰਸ਼ਿਪ ਨੂੰ ਭ੍ਰਿਸ਼ਟ ਕਰਾਰ ਦੇ ਕੇ ਉਹ ਜੇਲ ਭੇਜ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚ ਵੀ ਗਠਜੋੜ ਨੂੰ ਲੈ ਕੇ ਸੁਗਬੁਗਾਹਟ ਚੱਲ ਰਹੀ ਹੈ। ਪੰਜਾਬ ਵਿੱਚ ਜੇਕਰ ਆਪ ਅਤੇ ਕਾਂਗਰਸ ਵਿੱਚ ਸਮਝੌਤਾ ਹੋ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਵੀ ਤੈਅ ਹੈ। ਅਜਿਹੇ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਪੰਥਕ ਕਾਰਡ ਖੇਲ੍ਹ ਕੇ ਰਾਜਨੀਤੀ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਿਹਾ ਹੈ ਜਦੋਂ ਕਿ ਭਾਜਪਾ ਲੀਡਰਸ਼ਿਪ ਪੰਥਕ ਮੁÇੱਦਆਂ ਨੂੰ ਲੈ ਕੇ ਅਕਾਲੀ ਦਲ ਤੋਂ ਉਲਟ ਦਿਸ਼ਾ ਵੱਲ ਨੂੰ ਚੱਲ ਰਿਹਾ ਹੈ। ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਭ ਤੋਂ ਵੱਡਾ ਹੈ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਜਦੋਂ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹਨ ਤਾਂ ਫਿਰ ਉਹ ਚੋਣਾਂ ਵਿੱਚ ਇੱਕ ਦੂਜੇ ਲਈ ਵੋਟਾਂ ਕਿਵੇਂ ਮੰਗ ਸਕਣਗੇ। ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤ ਮੁਤਾਬਕ ਰਾਜਨੀਤਿਕ ਸਮੀਕਰਣ ਇਸ ਸਮੇਂ ਬੇਹੱਦ ਦਿਲਚਸਪ ਮੋੜ ਤੇ ਆ ਖੜ੍ਹੇ ਹੋਏ ਹਨ। ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਹੋਈਆਂ ਹਨ ਕਿ ਕੌਣ ਕੀ ਕਰੇਗਾ ਅਤੇ ਕਿਵੇਂ ਕਰੇਗਾ।
ਹਰਵਿੰਦਰ ਸਿੰਘ ਸੱਗੂ।