ਰੋਪੜ(ਬਿਊਰੋ)ਐਤਵਾਰ ਰਾਤ ਨੂੰ ਰੂਪਨਗਰ ਦੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਟਰੈਕ ‘ਤੇ ਲਾਵਾਰਿਸ ਬਲਦਾਂ ਦੇ ਝੁੰਡ ਕਾਰਨ ਇੱਕ ਮਾਲ ਗੱਡੀ ਪਲਟ ਗਈ। 56 ਕੋਚਾਂ ਵਿੱਚੋਂ 16 ਡੱਬਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਬੋਗੀਆਂ ਇੱਕ ਦੂਜੇ ਦੇ ਉੱਪਰ ਚੜ੍ਹ ਗਈਆਂ। ਰੇਲ ਟ੍ਰੈਕ ਵੀ ਟੁੱਟ ਗਿਆ ਹੈ ਅਤੇ ਟਰੈਕ ‘ਤੇ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਿਜਲੀ ਦੇ ਚਾਰ ਖੰਭੇ ਟੁੱਟ ਗਏ। ਹਾਦਸਾ ਰਾਤ ਬਾਰਾਂ ਵਜੇ ਵਾਪਰਿਆ। ਇਸ ਤੋਂ ਬਾਅਦ ਰੇਲਵੇ ਟਰੈਕ ਜਾਮ ਹੋਣ ਕਾਰਨ ਰੂਪਨਗਰ ਰੇਲਵੇ ਸਟੇਸ਼ਨ ’ਤੇ ਕੋਈ ਵੀ ਰੇਲ ਗੱਡੀ ਨਹੀਂ ਪਹੁੰਚ ਸਕੀ। ਰੇਲਵੇ ਟਰੈਕ ‘ਤੇ ਆਉਣ ਵਾਲੀਆਂ ਚਾਰ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦਕਿ ਇਸ ਟਰੈਕ ‘ਤੇ ਚੱਲਣ ਵਾਲੀਆਂ ਹੋਰ ਮਾਲ ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਇਹ ਮਾਲ ਗੱਡੀ ਪਲਟਣ ਨਾਲ ਰੇਲਵੇ ਬੋਰਡ ਨੂੰ 9 ਲੱਖ ਰੁਪਏ ਦਾ ਘਾਟਾ ਪਿਆ ਹੈ।ਮਾਲ ਗੱਡੀ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਯਾਤਰੀ ਰੇਲ ਗੱਡੀ ਇਸ ਰੇਲਵੇ ਟਰੈਕ ਤੋਂ ਦਿੱਲੀ ਲਈ ਰਵਾਨਾ ਹੋ ਗਈ ਸੀ। ਜੇਕਰ ਇਹ ਹਾਦਸਾ ਯਾਤਰੀ ਵਾਹਨ ਨਾਲ ਵਾਪਰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।ਮਾਲ ਗੱਡੀ ਖਾਲੀ ਸੀ ਅਤੇ ਥਰਮਲ ਪਲਾਂਟ ਰੂਪਨਗਰ ਵਿਖੇ ਕੋਲਾ ਉਤਾਰ ਕੇ ਵਾਪਸ ਆ ਰਹੀ ਸੀ।ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਰੇਲਵੇ ਡਵੀਜ਼ਨ ਦੇ ਡੀਆਰਐਮ ਗੁਰਿੰਦਰ ਮੋਹਨ ਸਿੰਘ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਦੀ ਟੀਮ ਨੇ ਨੁਕਸਾਨ ਦਾ ਮੁਲਾਂਕਣ ਕੀਤਾ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ 5 ਵਜੇ ਤੱਕ ਰੇਲਵੇ ਟਰੈਕ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।