ਫ਼ਰੀਦਕੋਟ, 13 ਜਨਵਰੀ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਜਸਟਿਸ ਐਨ.ਐਸ.ਸ਼ੇਖਾਵਤ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਅੱਜ ਫਰੀਦਕੋਟ ਵਿਖੇ ਕੇਂਦਰੀ ਜੇਲ ਦਾ ਦੌਰਾ ਕੀਤਾ ਗਿਆ।ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਨਾਲ ਜਸਟਿਸ ਸ਼ੇਖਾਵਤ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਕੇਂਦਰੀ ਜੇਲ੍ਹ ਵਿਖੇ ਬੰਦੀਆਂ ਦੁਆਰਾ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ।ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਹਵਾਲਾਤੀ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।ਉਨ੍ਹਾਂ ਕੈਦੀਆਂ ਦੀ ਬੈਰਕਾਂ ਦਾ ਜਾਇਜ਼ਾ ਲਿਆ ਅਤੇ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਹਵਾਲਾਤੀਆਂ/ਕੈਦੀਆਂ ਦੇ ਕੇਸਾਂ ਦਾ ਡਾਟਾ ਸਮੇਂ ਸਿਰ ਤਿਆਰ ਕੀਤਾ ਜਾਵੇ ਤਾਂ ਜੋ ਹਵਾਲਾਤੀਆਂ ਦੇ ਕੇਸਾਂ ਵਿੱਚ ਜਮਾਨਤ ਤੇ ਰਿਹਾ ਕਰਨ ਲਈ ਸਬੰਧਤ ਅਦਾਲਤਾਂ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾ ਸਕੇ।ਇਸ ਤੋਂ ਇਲਾਵਾ ਉਨ੍ਹਾਂ ਜੇਲ੍ਹ ਵਿੱਚ ਬੈਰਕਾਂ ਦੀ ਸਾਫ—ਸਫਾਈ ਅਤੇ ਬਾਥਰੂਮਾਂ ਦੀ ਸਫਾਈ ਆਦਿ ਨੂੰ ਦੇਖਦੇ ਹੋਏ ਸਵੱਛਤਾ ਦਾ ਧਿਆਨ ਰੱਖਣ ਲਈ ਜੇਲ੍ਹ ਸੁਪਰਡੈਂਟ ਸ੍ਰੀ ਰਾਜੀਵ ਅਰੋੜਾ ਨੂੰ ਨਿਰਦੇਸ਼ ਦਿੱਤੇ।ਇਸ ਦੇ ਨਾਲ ਹੀ ਜਸਟਿਸ ਸ਼ੇਖਾਵਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਹ ਬੰਦੀ ਕਿਸੇ ਨਾ ਕਿਸੇ ਜ਼ੁਰਮ ਕਰਕੇ ਇਸ ਜੇਲ੍ਹ ਵਿੱਚ ਆਏ ਹਨ ਤਾਂ ਅਸੀਂ ਇਨ੍ਹਾਂ ਨਾਲ ਅਣਮਨੁੱਖਤਾ ਨਾ ਵਰਤਦੇ ਹੋਏ ਇਨ੍ਹਾਂ ਨੂੰ ਵਿਸ਼ੇਸ਼ ਕਰਕੇ ਜ਼ਿੰਦਗੀ ਦੇ ਸਹੀ ਰਸਤੇ ਤੇ ਤੋਰਨ ਦਾ ਯਤਨ ਕਰਨਾ ਹੈ।ਇਸ ਉਪਰੰਤ ਉਨ੍ਹਾਂ ਜੇਲ੍ਹ ਹਸਪਤਾਲ ਦੇ ਕੈਦੀਆਂ ਦੀ ਸਿਹਤ ਪੱਖੋਂ ਹਾਲ-ਚਾਲ ਜਾਣਿਆ ਅਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਡਾਕਟਰ ਨੂੰ ਆਦੇਸ਼ ਦਿੱਤੇ ਕਿ ਇਸ ਜੇਲ੍ਹ ਵਿੱਚ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ ।ਇਸ ਮੌਕੇ ਨਵਜੋਤ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ,ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਸ. ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।