‘ਆਪ’ ਦਾ ਹੋਵੇਗਾ ਚੰਡੀਗੜ੍ਹ ਚ ਮੇਅਰ
ਚੰਡੀਗੜ੍ਹ , 15 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਬਣਾਏ ਗਏ ਇੰਡੀਆ ਗਠਜੋੜ ਨੇ ਭਾਵੇਂ ਕਿਸੇ ਵੀ ਸੂਬੇ ਵਿੱਚ ਅਜੇ ਗਠਜੋੜ ਨਾਲ ਕੰਮ ਸ਼ੁਰੂ ਨਹੀਂ ਕੀਤਾ ਪਰ ਚੰਡੀਗੜ੍ਹ ਵਿੱਚ ਆਪਣੀ ਪਹਿਲੀ ਛਾਪ ਛੱਡ ਦਿੱਤੀ ਅਤੇ ਭਾਜਪਾ ਨੂੰ ਉਥੇ ਪਹਿਲਾ ਕਰਾਰਾ ਝਟਕਾ ਦੇ ਦਿੱਤਾ।ਚੰਡੀਗੜ੍ਹ ਨਗਰ ਨਿਗਮ ਵਿੱਚ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਮਚੀ ਹੋਈ ਹੈ। ਸੋਮਵਾਰ ਨੂੰ ਨਿਗਮ ‘ਚ ਕਾਂਗਰਸ ਅਤੇ ‘ਆਪ’ ਦਾ ਗਠਜੋੜ ਹੋ ਗਿਆ। ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਮਿਲਣਗੇ। ਦੋਵੇਂ ਪਾਰਟੀਆਂ ਇੱਕ ਦੂਜੇ ਦਾ ਸਾਥ ਦੇਣਗੀਆਂ। ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਹ ਬਾਅਦ ਲਈ ਇੱਕ ਵਿਸ਼ਾ ਹੈ। ਇਸ ਬਾਰੇ ਪਾਰਟੀ ਹਾਈਕਮਾਂਡ ਹੀ ਫੈਸਲਾ ਕਰੇਗੀ।ਕਾਂਗਰਸ ਅਤੇ ‘ਆਪ’ ਦੇ ਗਠਜੋੜ ਤੋਂ ਬਾਅਦ ਦੋਵਾਂ ਦੇ ਕੌਂਸਲਰਾਂ ਦੀਆਂ ਮਿਲ ਕੇ 20 ਵੋਟਾਂ ਹਨ ਅਤੇ ਉਹ ਤਿੰਨੋਂ ਅਹੁਦਿਆਂ ‘ਤੇ ਜਿੱਤ ਹਾਸਲ ਕਰ ਸਕਦੇ ਹਨ।