ਜਗਰਾਉਂ, 21 ਜਨਵਰੀ ( ਹਰਪ੍ਰੀਤ ਸਿੰਘ ਸੱਗੂ )—ਗੁਰਦੁਆਰਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਸਿੱਧ ਸਮਾਜ ਸੇਵੀ ਸੁਰਜੀਤ ਸਿੰਘ ਖੁਰਲ ਵਾਸੀ ਜਗਰਾਉਂ ਵਰਤਮਾਨ ਨਿਵਾਸੀ ਕੈਨੇਡਾ ਦਾ ਉਨ੍ਹਾਂ ਵਲੋਂ ਸਮਾਜ ਅਤੇ ਭਾਈਚਾਰੇ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਖੁਰਲ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ, ਵਿਸ਼ਵਕਰਮਾ ਭਵਨ ਕਮੇਟੀ ਪਿੰਡ ਮਲਿਕ ਵੱਲੋਂ ਇੰਦਰਜੀਤ ਸਿੰਘ ਮਲਿਕ ਦੀ ਅਗਵਾਈ ਹੇਠ, ਵਿਸ਼ਵਕਰਮਾ ਭਵਨ ਪਿੰਡ ਕਾਉਂਕੇ ਕਲਾਂ ਦੀ ਪ੍ਰਬੰਧਕ ਕਮੇਟੀ ਵਲੋਂ ਬਲਜਿੰਦਰ ਸਿੰਘ ਦੀ ਅਗਵਾਈ ਹੇਠ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵਲੋਂ ਜਗਦੇਵ ਮਠਾੜੂ ਦੀ ਅਗਵਾਈ ਹੇਠ , ਰਾਮਗੜ੍ਹੀਆ ਵੈਲਫੇਅਰ ਕੌਂਸਲ ਵੱਲੋਂ ਬਲਵੰਤ ਪਨੇਸਰ, ਐਸ.ਡੀ.ਓ ਸਰਜੀਤ ਸਿੰਘ ਅਤੇ ਸਤਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਅਤੇ ਸ. ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਵੱਲੋਂ ਹਰਪ੍ਰੀਤ ਸਿੰਘ ਸੱਗੂ, ਮੋਹਨ ਸਿੰਘ ਸੂਤਰਧਾਰ, ਹਰਜਿੰਦਰ ਸਿੰਘ ਗੁੱਲੂ ਦੀ ਅਗਵਾਈ ਹੇਠ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਖੁਰਲ ਨੇ ਇਸ ਸਨਮਾਨ ਲਈ ਸਮੂਹ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਉਹ ਇਸ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸਾਬਕਾ ਕੌਂਸਲਰ ਲੁਧਿਆਣਾ ਸੋਹਣ ਸਿੰਘ ਗੋਗਾ, ਰਾਮਗੜ੍ਹੀਆ ਦਰਪਣ ਦੇ ਸੰਪਾਦਕ ਭੁਪਿੰਦਰ ਸਿੰਘ ਉੱਭੀ, ਸਕਾਈਡਮ ਇਮੀਗ੍ਰੇਸ਼ਨ ਦੇ ਡਾਇਰੈਕਟਰ ਪ੍ਰਿੰਸ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਹਰਜਿੰਦਰ ਸਿੰਘ ਗੁੱਲੂ ਨੇ ਕੀਤਾ।