ਪਾਕਿਸਤਾਨ ਤੋਂ ਫੋਨ ’ਤੇ ਮਿਲੀ ਧਮਕੀ
ਅੰਮ੍ਰਿਤਸਰ (ਭੰਗੂ) ਅਦਾਕਾਰਾ ਅਤੇ ਬਿੱਗ ਬੌਸ 13 ਦੀ ਪ੍ਰਤੀਯੋਗੀ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੰਤੋਖ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਫੋਨ ਆਇਆ ਸੀ ਅਤੇ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਉਸ ਨੂੰ ਫੋਨ ਆਇਆ ਤਾਂ ਉਨ੍ਹਾਂ ਨੇ ਉਸ ਵਿਅਕਤੀ ਦੀ ਵੀਡੀਓ ਵੀ ਬਣਾਈ। ਫਿਲਹਾਲ ਪੁਲਿਸ ਕੋਲ ਇਸ ਮਾਮਲੇ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਕਾਰਵਾਈ ਕਰੇਗੀ।ਸੰਤੋਖ ਸਿੰਘ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਤੁਹਾਡੇ ਬਾਰੇ ਸਾਰੀ ਜਾਣਕਾਰੀ ਹੈ, ਉਹ ਕਿੱਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ। ਤੁਹਾਡੀ ਧੀ ਨੇ ਬਹੁਤ ਪੈਸਾ ਕਮਾਇਆ ਹੈ। ਪਹਿਲਾਂ ਧੀ ਨੂੰ ਮਾਰ ਦੇਣਗੇ ਤੇ ਫਿਰ ਤੈਨੂੰ। ਜੇ ਤੁਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਉਸ ਨੂੰ ਪੈਸੇ ਦਿਓ। ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਮਾਈਨਿੰਗ ਦੇ ਮਾਮਲੇ ਵਿੱਚ ਦਖਲ ਨਾ ਦੇਣ ਦੀ ਗੱਲ ਕਹੀ, ਜੇਕਰ ਉਸ ਨੇ ਅਜਿਹਾ ਕੀਤਾ ਤਾਂ ਉਹ ਪੂਰੇ ਪਰਿਵਾਰ ਨੂੰ ਤਬਾਹ ਕਰ ਦੇਵੇਗਾ। ਦੂਜੇ ਪਾਸੇ ਸੰਤੋਖ ਸਿੰਘ ਨੇ ਵੀ ਉਸ ਨੂੰ ਸਾਫ਼ ਕਹਿ ਦਿੱਤਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਇਲਾਕੇ ਵਿੱਚ ਮਾਈਨਿੰਗ ਨਹੀਂ ਹੋਣ ਦੇਣਗੇ। ਇਹ ਕੰਮ ਪੁਲਿਸ ਅਤੇ ਮਾਈਨਿੰਗ ਅਫ਼ਸਰ ਨੂੰ ਦੇਖਣਾ ਪੈਂਦਾ ਹੈ। ਜੇਕਰ ਉਥੇ ਕੁਝ ਗਲਤ ਹੋ ਰਿਹਾ ਹੈ ਤਾਂ ਪੁਲਿਸ ਹੀ ਇਸ ਨੂੰ ਦੇਖੇਗੀ। ਫੋਨ ਕਰਨ ਵਾਲੇ ਵਿਅਕਤੀ ਨੇ ਸੰਤੋਖ ਸਿੰਘ ਨੂੰ ਕਿਹਾ ਕਿ ਉਹ ਸਿੱਖ ਹੋ ਕੇ ਹਿੰਦੂਆਂ ਦਾ ਸਮਰਥਨ ਨਾ ਕਰੇ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਨਾਲ ਉਹੀ ਸਲੂਕ ਕੀਤਾ ਜਾਵੇਗਾ ਜੋ ਸੂਰੀ ਨਾਲ ਕੀਤਾ ਗਿਆ ਸੀ।ਇਸ ਸਬੰਧੀ ਜਦੋਂ ਬਿਆਸ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਸਾਲ 2021 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਨ।
ਜ਼ਿਕਰਯੋਗ ਹੈ ਕਿ 25 ਦਸੰਬਰ 2021 ਨੂੰ ਸੰਤੋਖ ’ਤੇ ਅੰਮ੍ਰਿਤਸਰ ਵਿੱਚ ਦੋ ਅਣਪਛਾਤੇ ਹਮਲਾਵਰ ਗੋਲੀ ਚਲਾ ਕੇ ਫਰਾਰ ਹੋ ਗਏ ਸਨ। ਇਸ ਘਟਨਾ ਵਿੱਚ ਸੰਤੋਖ ਸਿੰਘ ਵਾਲ-ਵਾਲ ਬਚ ਗਏ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਕਤੂਬਰ 2015 ਵਿੱਚ ਵੀ ਬਿਆਸ ਤੋਂ ਤਰਨਤਾਰਨ ਜਾਂਦੇ ਸਮੇਂ ਧਮਕੀ ਭਰਿਆ ਫੋਨ ਆਇਆ ਸੀ। ਇਸ ਦੌਰਾਨ ਫੋਨ ਕਰਨ ਵਾਲੇ ਵਿਅਕਤੀ ਨੇ ਦੀਵਾਲੀ ਤੋਂ ਪਹਿਲਾਂ ਘਰ ’ਚ ਦਾਖਲ ਹੋ ਕੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਨੂੰ ਪੁਲਿਸ ਵੱਲੋਂ ਗੰਨਮੈਨ ਵੀ ਦਿੱਤੇ ਗਏ ਹਨ।