ਜਗਰਾਉਂ, 21 ਮਾਰਚ ( ਵਿਕਾਸ ਮਠਾੜੂ, ਧਰਮਿੰਦਰ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਲੁਧਿਆਣਾ (ਦਿਹਾਤੀ) ਦਾ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਮੁੜ ਤੋਂ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਪੂਰੇ ਜ਼ਿਲ੍ਹੇ ਸਮੇਤ ਪੰਥਕ ਸਫਾ ’ਚ ਖੁਸ਼ੀ ਦੀ ਲਹਿਰ ਦੌੌੜ ਗਈ। ਜਿਓ ਹੀ ਬਾਦਲ ਨੇ ਭਾਈ ਗਰੇਵਾਲ ਨੂੰ ਪ੍ਰਧਾਨ ਐਲਾਨਿਆ ਤਾਂ ਭਾਈ ਗਰੇਵਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਸਨਮਾਨਾਂ ਦੀ ਝੜੀ। ਅੱਜ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਕੇ ਧੰਨਵਾਦ ਕੀਤਾ ਅਤੇ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਭਾਈ ਗਰੇਵਾਲ ਵਰਗੇ ਜੁਝਾਰੂ, ਮਿਹਨਤੀ ਅਤੇ ਆਪਣੇ ਸਟੈਂਡ ਦੇ ਪੱਕੇ ਵਰਕਰਾਂ ਦੀ ਲੋੜ ਹੈ, ਜਿਹੜੇ ਕਦੇ ਵੀ ਪਾਰਟੀ ਨੂੰ ਪਿੱਠ ਨਾ ਦਿਖਾਉਣ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਨੇ ਅਕਾਲੀ ਦਲ ਦੀ ਆਵਾਜ਼ ਨੂੰ ਵੱਡੀ ਪੱਧਰ ’ਤੇ ਬੁਲੰਦ ਕੀਤਾ ਅਤੇ ਹਰ ਸਮੇਂ ਅਕਾਲੀ ਦਲ ਦੀ ਗੱਲ ਕੀਤੀ। ਇਸ ਮੌਕੇ ਭਾਈ ਗਰੇਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਆਗਾਮੀ ਲੋਕ ਸਭਾ ਚੋਣਾਂ ’ਚ ਲੁਧਿਆਣਾ (ਦਿਹਾਤੀ) ਦੇ ਚਾਰੇ ਵਿਧਾਨ ਸਭਾ ਹਲਕਿਆਂ ’ਚੋਂ ਪਾਰਟੀ ਉਮੀਦਵਾਰ ਨੂੰ ਜਿਤਾਕੇ ਭੇਜਣਗੇ ਅਤੇ ਪਾਰਟੀ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣਗੇ।
