Home Uncategorized ਸਿੱਧੂ ਮੂਸੇਵਾਲਾ ਪਰਿਵਾਰ ਦੀ ਰਾਹੁਲ ਗਾਂਧੀ ਨਾਲ ਸਿੱਧੀ ਗੱਲਬਾਤ , ਕਾਂਗਰਸ ਪਰਿਵਾਰ...

ਸਿੱਧੂ ਮੂਸੇਵਾਲਾ ਪਰਿਵਾਰ ਦੀ ਰਾਹੁਲ ਗਾਂਧੀ ਨਾਲ ਸਿੱਧੀ ਗੱਲਬਾਤ , ਕਾਂਗਰਸ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ : ਵੜਿੰਗ

35
0


ਭੀਖੀ (ਰੋਹਿਤ ਗੋਇਲ) ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਲਾਕ ਭੀਖੀ ਦੇ ਸਰਪੰਚਾਂ ਅਤੇ ਹੋਰ ਅਹੁਦੇਦਾਰਾਂ ਨਾਲ ਭੀਖੀ ਦੇ ਨਿੱਜੀ ਹੋਟਲ ’ਚ ਮੀਟਿੰਗ ਕੀਤੀ। ਇਸ ਵਿਚ ਆਮ ਕਾਂਗਰਸੀ ਵਰਕਰ ਹਾਜ਼ਰ ਨਹੀਂ ਸਨ ਅਤੇ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਕਿਹਾ ਕਿ ਇਸ ਮੀਟਿੰਗ ਵਿਚ ਉਨ੍ਹਾਂ ਸਰਪੰਚਾਂ, ਪੰਚਾਂ ਨੂੰ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ। ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਛੇੜੇ ਵਿਵਾਦ ਬਾਰੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਨਾਲ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਜੋ ਬਰਦਾਸ਼ਤ ਯੋਗ ਨਹੀਂ। ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਝ ਆ ਜਾਣ। ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਤੇ ਮੂਸੇਵਾਲਾ ਪਰਿਵਾਰ ਨੂੰ ਪਿਆਰ ਕਰਨ ਵਾਲੇ ਲੋਕ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ, ਨਹੀਂ ਤਾਂ ਸਰਕਾਰ ਦੇ ਮੰਤਰੀਆਂ ਤੇ ਐੱਮਐੱਲਏ ਨੂੰ ਪਿੰਡਾਂ ’ਚ ਵੜਨਾ ਮੁਸ਼ਕਿਲ ਕਰ ਦੇਣਗੇ।ਬਲਕੌਰ ਸਿੰਘ ਸਿੱਧੂ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ ’ਤੇ ਵੜਿੰਗ ਨੇ ਕਿਹਾ ਕਿ ਉਹ ਇਸ ਸਮੇਂ ਕਾਂਗਰਸ ਪਾਰਟੀ ’ਚ ਮੇਰੇ ਤੋਂ ਉੱਪਰ ਹਨ ਕਿਉਂਕਿ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਸਿੱਧੀ ਗੱਲਬਾਤ ਹੈ। ਇਸ ਲਈ ਉਹ ਜਿਵੇਂ ਚਾਹੁਣਗੇ, ਓਦਾਂ ਹੀ ਹੋਵੇਗਾ।

ਮੀਟਿੰਗ ’ਚ ਸਰਪੰਚਾਂ ਨੇ ਵੜਿੰਗ ਨੂੰ ਸੁਣਾਈਆਂ ਖਰੀਆਂ-ਖਰੀਆਂ

ਮੀਟਿੰਗ ਦੌਰਾਨ ਅੰਦਰ ਕਾਫ਼ੀ ਰੌਲਾ-ਰੱਪਾ ਪੈਂਦਾ ਰਿਹਾ। ਮੀਟਿੰਗ ਤੋਂ ਬਾਹਰ ਆਏ ਕੁਝ ਸਰਪੰਚਾਂ ਤੇ ਅਹੁਦੇਦਾਰਾਂ ਨੇ ਆਪਣਾ ਨਾਂ ਗੁਪਤ ਰੱਖਣ ’ਤੇ ਦੱਸਿਆ ਕਿ ਉਨ੍ਹਾਂ ਰਾਜਾ ਵੜਿੰਗ ਨੂੰ ਕਿਹਾ ਕਿ ਪਾਰਟੀ ਵਿਚ ਮਿਹਨਤੀ ਤੇ ਇਮਾਨਦਾਰ ਵਰਕਰਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਤੁਸੀਂ ਪਿਛਲੀ ਵਾਰੀ ਲੋਕ ਸਭਾ ਚੋਣ ਲੜਨ ਬਾਅਦ ਪੰਜਾਬ ’ਚ ਕਾਂਗਰਸ ਦੀ ਸਰਕਾਰ ਹੁੰਦਿਆਂ ਕਿਸੇ ਸਰਪੰਚ ਜਾਂ ਹੋਰ ਅਹੁਦੇਦਾਰ ਦੀ ਕੋਈ ਗੱਲ ਨਹੀਂ ਸੁਣੀ, ਅਸੀਂ ਗਿੱਦੜਬਾਹੇ ਤੋਂ ਜੁੱਤੀਆਂ ਘਸਾ ਕੇ ਮੁੜਦੇ ਰਹੇ ਹਾਂ। ਹੁਣ ਤੁਸੀਂ ਲੋਕ ਸਭਾ ਚੋਣਾਂ ਵੇਲੇ ਫਿਰ ਪਰਤੇ ਹੋ। ਸਰਪੰਚਾਂ ਨੂੰ ਸ਼ਾਂਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਭਵਿੱਖ ਵਿਚ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਤਕੜੇ ਹੋ ਕੇ ਚੋਣ ਮੈਦਾਨ ’ਚ ਡਟਣ ਲਈ ਕਿਹਾ। ਮੀਟਿੰਗ ’ਚ ਗੁਰਪ੍ਰੀਤ ਸਿੰਘ ਵਿੱਕੀ, ਜ਼ਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ, ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਧਰਮਵੀਰ ਮਿੰਟਾ, ਬਲਜੀਤ ਸਿੰਘ ਖੀਵਾ, ਮੱਖਣ ਹਾਜੀ, ਡਾ. ਸੁਲਤਾਨ, ਪ੍ਰਗਟ ਸਿੰਘ ਸਮਾਓਂ, ਰਾਏ ਸਿੰਘ ਗੁੜਥੜੀ, ਧਨਜੀਤ ਭੀਖੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here