ਮਾਲੇਰਕੋਟਲਾ 22 ਮਾਰਚ ( ਲਿਕੇਸ਼ ਸ਼ਰਮਾਂ, ਰੋਹਿਤ ਗੋਇਲ) -ਖੇਤਰ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਮਲੇਰਕੋਟਲਾ ਜਿਲ੍ਹਾ ਪੁਲਿਸ ਨੇ ਸੰਦੌੜ ਅਤੇ ਅਮਰਗੜ੍ਹ ਖੇਤਰਾਂ ਤੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵੱਖ-ਵੱਖ ਗਰੋਹਾਂ ਨਾਲ ਸਬੰਧਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਕਮਲਪ੍ਰੀਤ ਸਿੰਘ ਖੱਖ, ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੌਕਸੀ ਵਧਾ ਦਿੱਤੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੈ। ਉਨ੍ਹਾਂ ਭਰੋਸਾ ਦਿਵਾਇਆ, “ਅਸੀਂ ਚੋਣਾਂ ਦੌਰਾਨ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਆਪਣੀਆਂ ਕਾਰਵਾਈਆਂ ਨੂੰ ਤੇਜ਼ ਕਰਦੇ ਰਹਾਂਗੇ।”
ਖਾਸ ਸੂਚਨਾਵਾਂ ‘ਤੇ ਕਾਰਵਾਈ ਕਰਦਿਆਂ ਇੰਸਪੈਕਟਰ ਸਿਕੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਡੀ.ਐਸ.ਪੀ ਮਾਲੇਰਕੋਟਲਾ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਸਿਮਰਨਜੀਤ ਸਿੰਘ ਉਰਫ ਕਾਕਾ, ਕੁਲਵਿੰਦਰ ਸਿੰਘ ਉਰਫ ਰਵੀ ਅਤੇ ਹਰਪ੍ਰੀਤ ਸਿੰਘ ਉਰਫ ਮੁੰਦਰੀ ਨੂੰ ਸੰਦੌੜ ਤੋਂ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਇੱਕ ਹੀਰੋ ਸਪਲੈਂਡਰ ਪਲੱਸ (ਪੀ.ਬੀ.13ਏ.ਐਨ.6383) ਸਮੇਤ ਚਾਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇੱਕ ਵੱਖਰੇ ਮਾਮਲੇ ਵਿੱਚ ਥਾਣਾ ਅਮਰਗੜ੍ਹ ਦੇ ਐਸ.ਐਚ.ਓ ਇੰਸਪੈਕਟਰ ਜਤਿੰਦਰਪਾਲ ਨੇ ਗ੍ਰਿਫ਼ਤਾਰ ਕੀਤੇ ਮੁਹੰਮਦ ਜਮੀਲ ਉਰਫ਼ ਰਾਜਾ, ਮਨਰੀਤ ਸਿੰਘ ਉਰਫ਼ ਰਾਜੂ, ਜਗਸੀਰ ਸਿੰਘ ਅਤੇ ਇਮਰਾਨ ਖ਼ਾਨ ਉਰਫ਼ ਮੁੰਨਾ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ। ਪੁਲੀਸ ਟੀਮ ਨੇ ਇਨ੍ਹਾਂ ਕੋਲੋਂ ਇੱਕ ਗੈਸ ਸਿਲੰਡਰ, ਇੱਕ ਐਲ.ਸੀ.ਡੀ (ਟੀ.ਵੀ) ਅਤੇ ਲੱਖਾਂ ਰੁਪਏ ਦਾ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਾਲੇਰਕੋਟਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ। ਐਸ.ਐਸ.ਪੀ ਖੱਖ ਨੇ ਕਿਹਾ, “ਪੁਲਿਸ ਟੀਮ ਹੋਰ ਅਪਰਾਧਿਕ ਮਾਮਲਿਆਂ ਅਤੇ ਗਠਜੋੜ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਹੋਰ ਜਾਂਚ ਕਰ ਰਹੇ ਹਾਂ।”
ਐਸ.ਐਸ.ਪੀ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਕ੍ਰਮਵਾਰ ਸੰਦੌੜ ਵਿੱਚ ਵਾਹਨਾਂ ਦੀ ਚੈਕਿੰਗ ਅਤੇ ਅਮਰਗੜ੍ਹ ਵਿੱਚ ਉੜੀ ਡਰੇਨ ਪੁਲ ਨੇੜੇ ਗਸ਼ਤ ਦੌਰਾਨ ਭਰੋਸੇਮੰਦ ਸੂਚਨਾ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਦੋਸ਼ੀਆਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਅੱਗੇ ਤੇ ਪਿੱਛਲੇ ਅਪਰਾਧਿਕ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ।
ਐਸ.ਐਸ.ਪੀ ਖੱਖ ਨੇ ਚੇਤਾਵਨੀ ਦਿੱਤੀ ਕਿ ਅਪਰਾਧਿਕ ਗਤੀਵਿਧੀਆਂ ਰਾਹੀਂ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।