ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਸਨ ਪੰਜ ਸਿੰਘ
ਅੰਮ੍ਰਿਤਸਰ (ਰਾਜੇਸ ਜੈਨ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਭੇਜੇ ਗਏ ਪੰਜ ਸਿੰਘਾਂ ਦਾ ਆਦੇਸ਼ ਮੰਨ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੇ ਆਪਣੀ 35 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਸਮਾਪਤ ਕੀਤੀ ਜਿਸ ਤੋਂ ਬਾਅਦ ਪੰਥ ਦਰਦੀਆਂ ਨੇ ਸੁੱਖ ਦਾ ਸਾਹ ਲਿਆ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 7 ਮੈਂਬਰੀ ਵਫ਼ਦ ਡਿਬਰੂਗੜ੍ਹ ਪਹੁੰਚਿਆ। ਇਹ ਵਫਦ ਆਪਣੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸ਼ਾਦ ਤੇ ਸਰੋਵਰ ਦਾ ਅੰਮ੍ਰਿਤ ਲੈ ਕੇ ਗਿਆ ਸੀ।ਡਿਬਰੂਗੜ੍ਹ ਜੇਲ੍ਹ ਵਿਚ ਪਹੰੁਚੇ ਵਫਦ ਨੇ ਗੁਰੂ ਚਰਨਾਂ ਵਿਚ ਅਰਦਾਸ ਕਰ ਕੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪ੍ਰਸ਼ਾਦ ਤੇ ਅੰਮ੍ਰਿਤ ਦਾ ਚੁਲਾ ਛਕਾਇਆ। ਵਫਦ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਕਰ ਰਹੇ ਸਨ। ਵਫਦ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਬਿਕਰਮਜੀਤ ਸਿੰਘ, ਭਾਈ ਪੇ੍ਰਮ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਬਲਵਿੰਦਰ ਸਿੰਘ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਵੀ ਡਿਬਰੂਗੜ੍ਹ ਜੇਲ ਪਹੰੁਚੇ ਸਨ।ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਨੇ 16 ਫਰਵਰੀ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਿਸ ਨੂੰ ਖਤਮ ਕਰਵਾਉਣ ਲਈ 17 ਮਾਰਚ ਨੂੰ ਵਿਰਾਸਤੀ ਮਾਰਗ ਅੰਮ੍ਰਿਤਸਰ ਵਿਖੇ ਹੋਏ ਪੰਥਕ ਇਕੱਠ ਨੇ ਭੁੱਖ ਹੜਤਾਲ ਫ਼ਤਮ ਕਰਵਾਉਣ ਦਾ ਫ਼ੈਸਲਾ ਲਿਆ ਸੀ।
