ਕਪੂਰਥਲਾ, 24 ਮਾਰਚ (ਰਾਜੇਸ਼ ਜੈਨ – ਭਗਵਾਨ ਭੰਗੂ) : ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ‘ਤੇ ਰੇਤਾ, ਬੱਜਰੀ, ਸਰੀਆ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਤੜਕੇ 2.30 ਵਜੇ ਕੰਪਨੀ ਮਾਲਕ ਸਮੇਤ ਤਿੰਨ ਮੁਲਜ਼ਮਾਂ ਨੂੰ ਇੱਕ ਟਰੱਕ, ਦੋ ਟਨ ਚੋਰੀ ਸਰੀਏ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਹਰਗੁਰਦੇਵ ਸਿੰਘ ਅਤੇ ਮੋਠਾਂਵਾਲਾ ਚੌਕੀ ਦੇ ਇੰਚਾਰਜ ਦਵਿੰਦਰ ਪਾਲ ਨੇ ਦੱਸਿਆ ਕਿ 4 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਚੌਕੀ ਮੋਠਾਂਵਾਲ ਦੇ ਇੰਚਾਰਜ ਏਐਸਆਈ ਦਵਿੰਦਰ ਪਾਲ ਨੇ ਦੱਸਿਆ ਕਿ ਏਜੀਐਮ ਸੰਜੇ ਸੋਂਧੀ ਵਾਸੀ ਥਾਣਾ ਥਾਨੇਸਰ ਜ਼ਿਲ੍ਹਾ ਕੁਰੂਕਸ਼ੇਤਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਏ ਕੇ ਸੀ ਨੂੰ ਪੰਜਾਬ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਬਣਾਉਣ ਦਾ ਠੇਕਾ ਮਿਲਿਆ ਹੈ। ਜਿਸ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਉਨ੍ਹਾਂ ਦੀ ਕੰਪਨੀ ਵੱਲੋਂ ਪਿੰਡ ਨਿੱਝਰਾ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਅਤੇ ਪਿੰਡ ਪਾਜੀਆਂ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿੱਚ ਦੋ ਪੁਲਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੀ ਕੰਪਨੀ ਨੇ ਇਨ੍ਹਾਂ ਦੋਵੇਂ ਪੁਲਾਂ ਨੂੰ ਬਣਾਉਣ ਦਾ ਠੇਕਾ ਗਲੋਬਲ ਕੰਟਰੈਕਟ ਕੰਪਨੀ ਦੇ ਮਾਲਕ ਅਲਬੇ ਨਗਰ, ਹੈਦਰਾਬਾਦ ਦੇ ਰਹਿਣ ਵਾਲੇ ਸ੍ਰੀਨਿਵਾਸ ਨੂੰ ਦਿੱਤਾ ਹੈ। ਸੰਜੇ ਸੋਂਧੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪੁਲਾਂ ਨੂੰ ਬਣਾਉਣ ਵਿੱਚ ਵਰਤੀ ਜਾਣ ਵਾਲੀ ਰੇਤਾ, ਬੱਜਰੀ, ਸਰੀਆ ਅਤੇ ਹੋਰ ਸਮੱਗਰੀ ਉਨ੍ਹਾਂ ਦੀ ਕੰਪਨੀ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਉਸ ਦੀ ਕੰਪਨੀ ਵੱਲੋਂ ਸਪਲਾਈ ਕੀਤਾ ਗਿਆ ਸਮਾਨ ਚੋਰੀ ਹੋ ਰਿਹਾ ਸੀ ਪਰ ਕੰਪਨੀ ਨੂੰ ਇਸ ਚੋਰੀ ਦਾ ਪਤਾ ਨਹੀਂ ਲੱਗਾ। ਇਸ ਚੋਰੀ ਨੂੰ ਲੈ ਕੇ ਸ਼ੱਕ ਸੀ ਕਿ ਗਲੋਬਲ ਕੰਟਰੈਕਟਰ ਕੰਪਨੀ ਦਾ ਕੋਈ ਵਿਅਕਤੀ ਇਸ ਚੋਰੀ ਨੂੰ ਅੰਜਾਮ ਦੇ ਰਿਹਾ ਹੈ। ਇਸੇ ਦੌਰਾਨ 22 ਮਾਰਚ ਦੀ ਦੇਰ ਰਾਤ ਉਨ੍ਹਾਂ (ਸੰਜੇ ਸੋਂਧੀ) ਨੂੰ ਉਨ੍ਹਾਂ ਦੀ ਕੰਪਨੀ ਦੇ ਡਿਪਟੀ ਪ੍ਰੋਜੈਕਟ ਮੈਨੇਜਰ ਅਵਤਾਰ ਸਿੰਘ ਵਾਸੀ ਕਾਦੀਆ ਗੁਜਰਾਂ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੇ ਫ਼ੋਨ ‘ਤੇ ਸੂਚਿਤ ਕੀਤਾ ਕਿ ਕੋਈ ਅਣਪਛਾਤੇ ਵਿਅਕਤੀ ਪਿੰਡ ਪਾਜੀਆਂ ਵਾਲੇ ਨਿਰਮਾਣ ਅਧੀਨ ਪੁੱਲ ਤੋਂ ਸਰੀਆ ਚੋਰੀ ਕਰਕੇ ਟਰੱਕ ਵਿੱਚ ਲੋਡ ਕਰਕੇ ਕਪੂਰਥਲਾ ਵੱਲ ਲੈ ਕੇ ਜਾ ਰਹੇ ਹਨ ਇਸ ’ਤੇ ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ। ਇਸ ਸਬੰਧੀ ਅਵਤਾਰ ਸਿੰਘ ਨੇ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ’ਤੇ ਪੀਸੀਆਰ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਾਤ ਕਰੀਬ 2:40 ਵਜੇ ਟਰੱਕ ਨੂੰ ਪਿੰਡ ਬਰਿੰਦਰਪੁਰ ਸਥਿਤ ਰਿਲਾਇੰਸ ਪੈਟਰੋਲ ਪੰਪ ’ਤੇ ਕਾਬੂ ਕਰ ਲਿਆ ਪਿੱਛੇ ਤੋਂ ਅਵਤਾਰ ਸਿੰਘ ਵੀ ਉਥੇ ਪਹੁੰਚ ਗਿਆ। ਅਵਤਾਰ ਸਿੰਘ ਨੇ ਉਸ (ਸੰਜੇ ਸੋਂਧੀ) ਨੂੰ ਦੱਸਿਆ ਕਿ ਟਰੱਕ ਨੂੰ ਬਲਜੀਤ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ, ਥਾਣਾ ਢਿਲਵਾਂ, ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ। ਉਸ ਦੇ ਨਾਲ ਗਣੇਸ਼ ਸ਼ਰਮਾ ਵਾਸੀ ਹਰਗੋਬਿੰਦ ਨਗਰ ਜਲੰਧਰ ਬੈਠਾ ਸੀ। ਦੋਵਾਂ ਨੇ ਦੱਸਿਆ ਕਿ ਇਹ ਸਰੀਆ ਗਲੋਬਲ ਕੰਟਰੈਕਟ ਕੰਪਨੀ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦੇ ਵਿਨੀਤ ਵਿਸ਼ਵਕਰਮਾ ਨੇ ਆਪਣੇ ਠੇਕੇਦਾਰ ਸ੍ਰੀਨਿਵਾਸ ਦੇ ਕਹਿਣ ’ਤੇ ਚੋਰੀ ਕੀਤਾ।ਇਸ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਚਾਰ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਤਿੰਨ ਨੂੰ ਕਾਬੂ ਕਰ ਲਿਆ ਅਤੇ ਚੋਰੀ ਕੀਤਾ ਸਰੀਆ ਦੇ ਟਰੱਕ ਵੀ ਬਰਾਮਦ ਕਰ ਲਿਆ ਹੈ ਚੌਕੀ ਮੋਠਾਂਵਾਲ ਦੇ ਇੰਚਾਰਜ ਏਐਸਆਈ ਦਵਿੰਦਰਪਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਪਹਿਲਾਂ ਬਹੁਤ ਜਿਆਦਾ ਸਰੀਆ ਚੋਰੀ ਕਰਕੇ ਵੇਚ ਚੁੱਕੇ ਹਨ ਕਿਉਂਕਿ ਜਦੋਂ ਵੀ ਕੰਪਨੀ ਦੇ ਮਾਲਕ ਸ੍ਰੀਨਿਵਾਸ ਨੇ ਮਜ਼ਦੂਰਾਂ ਨੂੰ ਪੈਸੇ ਦੇਣੇ ਹੁੰਦੇ ਸਨ ਤਾਂ ਉਹ ਚੋਰੀ ਕਰਕੇ ਸਾਮਾਨ ਵੇਚ ਕੇ ਪੈਸੇ ਦੇ ਦਿੰਦਾ ਸੀ।ਹੁਣ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਮਜ਼ਦੂਰ ਪੈਸੇ ਦੀ ਮੰਗ ਕਰ ਰਹੇ ਸਨ, ਜੋ ਉਸ ਕੋਲ ਨਹੀਂ ਸੀ, ਇਸ ਲਈ ਉਸ ਨੇ ਚੋਰੀ ਦਾ ਸਾਮਾਨ ਵੇਚਣ ਦੀ ਯੋਜਨਾ ਬਣਾਈ। ਏਐਸਆਈ ਦਵਿੰਦਰ ਪਾਲ ਨੇ ਕਿਹਾ ਕਿ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
