Home Uncategorized ਖੇਤਰੀ ਫ਼ਲ਼, ਖੇਤਰੀ ਪਹਿਰਾਵੇ, ਖੇਤਰੀ ਪਕਵਾਨ ਤੇ ਖੇਤਰੀ ਫ਼ਸਲਾਂ ਦੀ ਸੁਯੋਗ ਵਰਤੋਂ...

ਖੇਤਰੀ ਫ਼ਲ਼, ਖੇਤਰੀ ਪਹਿਰਾਵੇ, ਖੇਤਰੀ ਪਕਵਾਨ ਤੇ ਖੇਤਰੀ ਫ਼ਸਲਾਂ ਦੀ ਸੁਯੋਗ ਵਰਤੋਂ ਲਈ ਲੋਕ ਚੇਤਨਾ ਲਹਿਰ ਦੀ ਸਖ਼ਤ ਲੋੜ ਹੈ-ਗਿੱਲ

52
0

ਬੇਰ ਬਗੀਚਾ ਮੇਲਾ ਗੁੜੇ (ਲੁਧਿਆਣਾ) ਸੰਪੂਰਨ

ਲੁਧਿਆਣਾ 24 ਮਾਰਚ ( ਵਿਕਾਸ ਮਠਾੜੂ) -ਪੰਜਾਬੀ ਲੋਕ ਵਿਰਾਸਤ ਅਕਾਡਮੀ ਅਤੇ ਬਾਬੂਸ਼ਾਹੀ ਡਾਟ ਕਾਮ ਦੇ ਸਹਿਯੋਗ ਨਾਲ਼ ਮਿੱਠੇ ਪੋਲੇ ਬੇਰਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਪਿੰਡ ਗੁੜੇ (ਨੇੜੇ ਚੌਕੀਮਾਨ) ਜ਼ਿਲ੍ਹਾ ਲੁਧਿਆਣਾ ਵਿਖੇ ਸ.ਗੁਰਮੀਤ ਸਿੰਘ ਮਾਨ ਦੇ ਖੇਤਾਂ ਵਿੱਚ ਬੇਰ ਬਗੀਚਾ ਮੇਲੇ ਦਾ ਆਯੋਜਨ ਕੀਤਾ ਗਿਆ।
ਇਸ ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਮਾਹਿਰਾਂ,ਕਿਸਾਨਾਂ, ਖਿਡਾਰੀਆਂ, ਲੇਖਕਾਂ ਤੇ ਇਫਕੋ ਸਹਿਕਾਰੀ ਸੰਸਥਾ ਦੇ ਮਾਹਿਰਾਂ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਸੱਭਿਆਚਾਰਕ ਸਖ਼ਸ਼ੀਅਤਾਂ ਨੇ ਹਿੱਸਾ ਲਿਆ।
ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਸਾਡੇ ਖੇਤਰੀ ਫ਼ਲ਼, ਖੇਤਰੀ ਪਹਿਰਾਵੇ, ਖੇਤਰੀ ਪਕਵਾਨ ਤੇ ਖੇਤਰੀ ਫ਼ਸਲਾਂ ਸ਼ਾਂਭਣ ਲਈ ਅਜਿਹੇ ਮੇਲੇ ਲਗਾਉਣੇ ਬਹੁਤ ਜ਼ਰੂਰੀ ਹਨ। ਇਹਨਾਂ ਦੀ ਮਹਿਕ ਪੰਜਾਬ ਅਤੇ ਪੰਜਾਬੀਅਤ ਨੂੰ ਹਮੇਸ਼ਾ ਤਰੋ ਤਾਜਾ ਰੱਖਦੀ ਹੈ।ਬਾਬੂਸ਼ਾਹੀ ਡਾਟ ਕਾਮ ਵੱਲੋਂ ਬਲਜੀਤ ਬੱਲੀ ਨੇ ਆਪਣੇ ਵਿਚਾਰ ਸਾਂਥਝੇ ਕਰਦਿਆਂ ਕਿਹਾ ਕਿ ਸਾਡੀ ਖੁਰਾਕ ਬਾਜਰਾ, ਕੋਧਰੇ ਤੇ ਮੱਕੀ ਵਰਗੀਆਂ ਰਵਾਇਤੀ ਫਸਲਾਂ ਸਨ, ਸਾਡੇ ਬਠਿੰਡਾ ਇਲਾਕੇ ਵਿੱਚ ਕਣਕ ਦੀ ਰੋਟੀ ਤਾਂ ਕਿਸੇ ਮਹਿਮਾਨ ਦੇ ਆਏ ਤੇ ਹੀ ਬਣਦੀ ਸੀ।
ਉਹ ਚੰਡੀਗੜ੍ਹ ਸ਼ਹਿਰ ਵਿੱਚ ਰਹਿੰਦੇ ਹੋਏ ਗੁੜਿਆਂ ਵਿੱਚ ਲੱਗੀਆਂ ਮਿੱਠੇ ਪੋਲੇ ਬੇਰਾਂ ਦੀ ਘਾਟ ਮਹਿਸੂਸ ਕਰਦੇ ਹਨ।
ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਨੇ ਕਿਹਾ ਕਿ ਸਾਨੂੰ ਸਮੇਂ ਦੇ ਨਾਲ਼ ਚੱਲਦੇ ਹੋਏ ਸਾਡੀਆਂ ਭਾਈਚਾਰੇ ਤੇ ਏਕਤਾ ਦੀਆਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ।
ਪ੍ਰਸਿੱਧ ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਕਿਹਾ ਕਿ ਬੇਰਾਂ ਵਰਗੀ ਉ਼ਸਲ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਸਹੀ ਤੇ ਸਮੇਂ ਸਿਰ ਮੰਡੀਕਰਨ ਦੀ ਜ਼ਰੂਰਤ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਹਿਲਵਾਨ ਕਰਤਾਰ ਸਿੰਘ ਰੀਟਾ ਆਈ ਜੀ ਨੇ ਆਪਣੇ ਬਚਪਨ ਵਿੱਚ ਖਾਧੇ ਫਲ਼ਾਂ ਅਤੇ ਮੇਵਿਆਂ ਨੂੰ ਯਾਦ ਕਰਦਿਆਂ ਸਿਹਤ ਪ੍ਰਤੀ ਫਲ਼ਾਂ ਦੇ ਮਹੱਤਵ ਦੀ ਗੱਲ ਕੀਤੀ।
ਪ੍ਰਸਿੱਧ ਲੋਕ ਗਾਇਕ ਪਾਲੀ ਦੇਤਵਾਲ਼ੀਆ ਤੇ ਵਤਨਜੀਤ ਸਿੰਘ ਨੇ ਆਪਣੇ ਪਰਿਵਾਰਕ ਗੀਤਾਂ ਨਾਲ਼ ਚੰਗਾ ਰੰਗ ਬੰਨਿਆ। ਸ. ਗੁਰਨਾਮ ਸਿੰਘ ਬਠਿੰਡਾ ਨੇ ਲਹਿਰਾ ਮੁਹੱਬਤ ਪਿੰਡ ਦੇ ਟਿੱਬਿਆਂ ਵਿੱਚ ਉਗਾਈਆਂ ਪੁਰਾਤਨ ਬੇਰੀਆਂ ਤੇ ਗਿੱਦੜਾਂ ਵੱਲੋਂ ਕੀਤੇ ਜਾਂਦੇ ਨੁਕਸਾਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੀ ਉੱਡਦੀ ਸਵਾਹ ਨੇ ਵੀ ਸਾਡੇ ਸੁਪਨੇ ਤੋੜੇ।
ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਸੰਚਾਰ ਡਾ.ਅਨਿਲ ਸ਼ਰਮਾ ਵੱਲੋਂ ਬੇਰਾਂ ਬਾਰੇ ਪੀ ਏ ਯੂ ਦੇ ਸਹਿਯੋਗ ਨਾਲ਼ ਤਿਆਰ ਕੀਤੇ ਸਾਹਿੱਤ ਬਾਰੇ ਦੱਸਿਆ ।ਉਨ੍ਹਾਂ ਯੂਨੀਵਰਸਿਟੀ ਵੱਲੋਂ 2007 ਵਿੱਚ ਪ੍ਰਕਾਸ਼ਿਤ ਪਿਸਤਕ ਬੇਰ ਦੀਆਂ ਪੰਜ ਕਾਪੀਆਂ ਪੰਜ ਅਗਾਂਹਵਧੂ ਫ਼ਲ ਉਤਪਾਦਕਾਂ ਨੂੰ ਭੇਂਟ ਕੀਤੀਆਂ। ਟੋਰੰਟੋ ਵਾਸੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਵੀਸ਼ਰ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਆਪਣੀ ਰਵਾਇਤੀ ਗਾਇਕੀ ਰਾਹੀਂ ਮੇਲੇ ਵਿੱਚ ਸ਼ਮੂਲੀਅਤ ਕਰ ਕੇ ਮੇਲਾ ਲੁੱਟ ਲਿਆ। ਉਹ ਇਸੇ ਪਿੰਡ ਵਿੱਚ ਪੜ੍ਹਾਉਂਦੀ ਆਪਣੀ। ਸਰਦਾਰਨੀ ਗੁਰਦੇਵ ਕੌਰ ਨਾਲ ਪੰਜਵੀਂ ਜਮਾਤ ਤੀਕ ਪੜ੍ਹਨ ਆਉਂਦੇ ਰਹੇ ਹਨ। ਉਹ ਗੁਰਮੀਤ ਸਿੰਘ ਮਾਨ ਦੇ ਪ੍ਰਾਇਮਰੀ ਸਕੂਲ ਵਿੱਚ ਜਮਾਤੀ ਸਨ। ਪ੍ਰਸਿੱਧ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਨੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਲਗਾਏ ਗਏ ਮੇਲੇ ਅੰਬ ਚੂਪ ਮੇਲਾ ਅਤੇ ਪੰਜਾਬੀ ਵਿਰਾਸਤ ਦੀਆਂ ਵੰਨਗੀਆਂ ਬਾਰੇ ਦਿਲਚਸਪ ਗੱਲਾਂ ਕੀਤੀਆਂ। ਇਫਕੋ ਦੇ ਸਟੇਟ ਹੈੱਡ ਹਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਖੇਤੀ ਉੱਨਤ ਧੰਦਾ ਹੈ। ਸਾਨੂੰ ਲੋੜ ਅਨੁਸਾਰ ਹੀ ਖਾਦ ਦੀ ਵਰਤੋ ਕਰਨ ਦੀ ਜ਼ਰੂਰਤ ਹੈ ਇਸ ਨਾਲ਼ ਹੀ ਅਸੀੰ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਬਚਾ ਸਕਦੇ ਹਾਂ। ਅੰਮ੍ਰਿਤਸਰ ਤੋਂ ਆਏ ਕ੍ਰਿਭਕੋ ਤੇ ਇਫਕੋ ਦੇ ਲੰਮਾ ਸਮਾਂ ਉੱਚ ਅਧਿਕਾਰੀ ਰਹੇ ਕੁਲਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਕਿਰਤ, ਬੋਲੀ ਅਤੇ ਆਪਣੇ ਸਿਧਾਂਤ ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਬੰਧੀ ਬੋਰਡ ਮੈਂਬਰ ਕਰਮਜੀਤ ਸਿੰਘ ਗਰੇਵਾਲ,ਰਾਜਦੀਪ ਸਿੰਘ ਤੂਰ, ਪ੍ਰਭਜੋਤ ਸੋਹੀ ਅਤੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਰਚਨਾਵਾਂ ਸੁਣਾ ਕੇ ਮੇਲੇ ਵਿੱਚ ਵੱਖਰਾ ਰੰਗ ਭਰਿਆ। ਮਲਵਿੰਦਰ ਸਿੰਘ ਸਰਪੰਚ ਗੁੜੇ ਨੇ ਕਿਹਾ ਕਿ ਉਹ ਹਰ ਸਾਲ ਇਸ ਮੇਲੇ ਨੂੰ ਪਿੰਡ ਵਿੱਚ ਵੱਡੇ ਪੱਧਰ ਤੇ ਲਾਉਣਗੇ। ਮੰਚ ਸੰਚਾਲਨ ਦਾ ਕਾਰਜ ਕਰਮਜੀਤ ਸਿੰਘ ਗਰੇਵਾਲ਼ ਨੇ ਬਾਖੂਬੀ ਨਿਭਾਇਆ। ਇਸ ਮੌਕੇ ਨਰਿੰਦਰ ਸਿੰਘ ਫਰੰਟੀਅਰ ਮਾਲਕ ਹਾਈ ਟੈੱਕ ਡੇਅਰੀ ਫਾਰਮ ਨੇ ਬਾਰੀਕੀ ਦੀ ਖੇਤੀ ਉੱਪਰ ਜ਼ੋਰ ਦਿੱਤਾ ਅਤੇ ਬੇਰ ਦੀ ਪੌਸ਼ਟਿਕਤਾ ਬਾਰੇ ਲੋਕ ਚੇਤਨਾ ਲਹਿਰ ਚਲਾਉਣ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਬਾਬੂਸ਼ਾਹੀ ਡਾਟ ਕਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਵਿਰਕ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ, ਪੰਜਾਬੀ ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਲਿਬਰਲ ਪਾਰਟੀ ਦੇ ਕੌਮਾ ਆਗੂ ਹਰਦਮ ਸਿੰਘ ਮਾਂਗਟ ਟੋਰੰਟੋ ਕੈਨੇਡਾ, ਸਰਪੰਚ ਦਾਦ ਜਗਦੀਸ਼ਪਾਲ ਸਿੰਘ ਗਰੇਵਾਲ, ਸੁਰਜੀਤ ਸਿੰਘ ਗਿੱਲ ਡੈਲਸ (ਅਮਰੀਕਾ)ਮੇਜਰਜੀਤ ਸਿੰਘ ਉੱਘੇ ਟਰਾਂਸਪੋਰਟਰ,ਨਾਟਕਕਾਰ ਮੋਹੀ ਅਮਰਜੀਤ ਦੌਧਰ, ਸੰਜੀਵ ਸੂਦ,ਨਵਨੀਤ ਸਿੰਘ ਸੇਖਾ ਮੋਗਾ,ਅਵਤਾਰ ਸਿੰਘ ਏ ਜੀ ਐੱਮ ਬੈਂਕ ਆਫ ਇੰਡੀਆ ਤੇ ਹੋਰ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿੱਚ ਮਾਨ ਫਾਰਮ ਹਾਊਸ ਦੇ ਮਾਲਕ ਸ. ਗੁਰਮੀਤ ਸਿੰਘ ਮਾਨ ਨੇ ਸਭ ਮਹਿਮਾਨਾਂ ਤੇ ਲਾਈਵ ਟੈਲੀਕਾਸਟ ਲਈ ਮਾਲਵਾ ਟੀ ਵੀ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here