Home Uncategorized ਨਾਂ ਮੈਂ ਕੋਈ ਝੂਠ ਬੋਲਿਆ..?ਭਾਜਪਾ ਨਾਲ ਗਠਜੋੜ ਕਰਕੇ ਅਕਾਲੀ ਦਲ ਕਿਵੇਂ ਦੇਵੇਗਾ...

ਨਾਂ ਮੈਂ ਕੋਈ ਝੂਠ ਬੋਲਿਆ..?ਭਾਜਪਾ ਨਾਲ ਗਠਜੋੜ ਕਰਕੇ ਅਕਾਲੀ ਦਲ ਕਿਵੇਂ ਦੇਵੇਗਾ ਸਿਧਾਂਤਾ ਤੇ ਪਹਿਰਾ

80
0


ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਕੀਤੀ ਗਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੱਦਿਆਂ, ਨੀਤੀਆਂ ਅਤੇ ਸਿਧਾਂਤਾਂ ਨੂੰ ਸਾਹਮਣੇ ਰੱਖੇਗਾ। ਇਨਾਂ ਤੋਂ ਬਿਨਾਂ ਕੋਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਜਾਵੇਗਾ। ਬਹੁਤ ਵਧੀਆ ਗੱਲ ਹੈ ਅਤੇ ਕੋਰ ਕਮੇਟੀ ਦਾ ਸ਼ਲਾਘਾਯੋਗ ਫੈਸਲਾ ਹੈ। ਪਰ ਹੁਣ ਲੋਕ ਸਭਾ ਚੋਣਾਂ ਦਾ ਸਮਾਂ ਆ ਗਿਆ ਹੈ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚ ਗਠਜੋੜ ਦੀ ਲੱਗ ਭੱਗ ਤਿਆਰੀ ਹੋ ਚੁੱਕੀ ਹੈ। ਜੇਕਰ ਭਾਜਪਾ ਨਾਲ ਸਮਝੌਤਾ ਕਰਕੇ ਚੋਣਾਂ ਲੜੀਆਂ ਜਾਣਗੀਆਂ ਤਾਂ ਕੋਰ ਕਮੇਟੀ ਦੇ ਦਮਗਜ਼ੇ ਕਿਸ ਥਾਂ ਤੇ ਖੜ੍ਹਣਗੇ ? ਭਾਜਪਾ ਨਾਲ ਗਠਜੋੜ ਕਰਨ ਸਮੇਂ ਪੰਜਾਬ ਅਤੇ ਪੰਥ ਦੇ ਸਾਰੇ ਮਸਲੇ ਉਸਤੋਂ ਪਹਿਲਾਂ ਹਲ ਕਰਵਾ ਲਏ ਜਾਣਗੇ ? ਜੇਲਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਦਾ ਮਾਮਲਾ, ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਜਿਸ ਨੂੰ ਲੈ ਕੇ ਸੰਸਦ ਵਿੱਚ ਭਾਈ ਬਲਵੰਤ ਸਿੰਘ ਬਾਰੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਉਠਾਏ ਗਏ ਸਵਾਲ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਜਿਸ ਵਿਅਕਤੀ ਨੂੰ ਆਪਣੇ ਕੀਤੇ ਗੁਨਾਹ ਦਾ ਅਹਿਸਾਸ ਨਹੀਂ ਹੈ ਅਤੇ ਖੁਦ ਮਾਫੀ ਨਹੀਂ ਮੰਗ ਰਿਹਾ ਤਾਂ ਉਸਨੂੰ ਮਾਫੀ ਕਿਸ ਗੱਲ ਦੀ ? ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਸਮੇਂ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ, ਜਿਸ ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਨਾਲੋਂ ਨਾਤਾ ਤੋੜਿਆ ਸੀ ਉਹੀ ਅੰਦੋਲਨ ਹੁਣ ਫਿਰ ਜਾਰੀ ਹੈ। ਅਜਿਹੇ ਵਿਚ ਅਕਾਲੀ ਦਲ ਕਿਸਾਨਾਂ ਨਾਲ ਖੜਗੇ ਜਾਂ ਭਾਜਪਾ ਨਾਲ ? ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਥੋੜਾ ਸ਼ੁਰੂਆਤ ਵੱਲ ਜਾਣਾ ਪਏਗਾ। ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਖੇਤਰੀ ਪਾਰਟੀ ਇਕ ਸਦੀ ਤੋਂ ਵੱਧ ਸਮੇਂ ਦੀ ਹੈ। ਪਿੱਛੇ ਜਿਹੇ ਅਕਾਲੀਆਂ ਵਲੋਂ 103ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਧਰਮ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਪਾਰਟੀ ਵਜੋਂ ਜਾਣਿਆ ਜਾਂਦਾ ਸੀ ਅੱਜ ਉਸਨੂੰ ਕੋਈ ਪੰਥਕ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਹੁਣ ਅਕਾਲੀ ਦਲ ਬਾਦਲ ਵਿਚ ਪੰਥਕ ਚੇਹਰਾ ਮੌਜੂਦ ਹੀ ਹੈ। ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਚੁੱਕੀ ਹੈ। ਜਿਸ ਤੇ ਸਮੇਂ ਸਮੇਂ ਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਆਰ.ਐੱਸ.ਐੱਸ. ਦੇ ਅਜੰਡੇ ਨੂੰ ਅੱਗੇ ਵਧਾਉਣ ਦੇ ਦੋਸ਼ ਲੱਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰੂ ਘਰਾਂ ਦੀ ਕਮਾਈ ਵਿਚ ਸੇਂਧ ਲਗਾਉਣ ਦੇ ਵੀ ਗੰਭੀਰ ਦੋਸ਼ ਲੱਗਦੇ ਰਹੇ। ਬਾਦਲਾਂ ਦੀ ਹਿਟਲਰਸ਼ਾਹੀ ਇਸ ਕਦਰ ਮੰਨੀ ਜਾਂਦੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਤਖਤ ਸਾਹਿਬ ਦੇ ਜਥੇਦਾਰ ਵੀ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਾ ਚੱਲਣ ਤੇ ਤੁਰੰਤ ਬਰਖਾਸਤ ਕਰ ਦਿਤੇ ਜਾਂਦੇ ਰਹੇ ਅਤੇ ਇਹੀ ਹਾਲ ਸ਼੍ਰੋਮਣੀ ਗੁਰਦੁਆਆਰਾ ਪ੍ਰਬੰਧਕ ਕਮੇਟੀ ਦਾ ਵੀ ਰਿਹਾ ਹੈ। ਜਿਸਦਾ ਪ੍ਰਧਾਨ ਹੀ ਜੇਬ ਵਿਚੋਂ ਨਿਕਲੀ ਪਰਚੀ ਨਾਲ ਤੈਅ ਹੁੰਦਾ ਰਿਹਾ। ਇਸ ਵਾਰ ਸਥਾਪਨ ਦਿਵਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਸ੍ਰੀ ਅਮਿ੍ਰਤਸਰ ਦਰਬਾਰ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮੇਂ ਉਨ੍ਹਾਂ ਵਲੋਂ ਕੌਮ ਪਾਸੋਂ ਜਾਣੇ ਅਨਜਾਣੇ ਵਿਚ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਮੰਗੀ ਗਈ। ਉਸ ਨਾਲ ਇਕ ਲਾਭ ਤਾਂ ਜਰੂਰ ਹੋਇਆ ਕਿ ਸੁਖਦੇਵ ਸਿੰਘ ਢੀਂਡਸਾ ਵਲੋਂ ਘਰ ਵਾਪਸੀ ਦਾ ਮੁੱਢ ਬੰਨਿਆਂ ਅਤੇ ਉਨ੍ਹਾਂ ਦੇ ਨਾਲ ਨਾਲ ਬੀਬੀ ਜਗੀਰ ਕੌਰ ਵੀ ਘਰ ਵਾਪਸੀ ਕਰ ਗਏ। ਮਾਫੀ ਮੰਗਣ ਸਮੇਂ ਵੀ ਗੁਰੂਘਰ ਦੀ ਮਰਿਆਦਾ ਯਾਦ ਨਹੀਂ ਰਹੀ। ਗਲਤੀਆਂ ਦੀ ਮਾਫੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਿੰਘ ਸਹਿਬਾਨ ਪਾਸ ਅਰਜੋਈ ਕੀਤੀ ਜਾਂਦੀ ਹੈ ਅਤੇ ਉਸ ਅਰਜੋਈ ਤੇ ਪੰਜੇ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵਿਚਾਰ ਕਰਦੇ ਅਤੇ ਗਲਤੀ ਅਨੁਸਾਰ ਤਨਖਾਹ ਲਗਾਈ ਜਾਂਦੀ। ਜਿਸ ਤਰ੍ਹਾਂ ਅਪ੍ਰੇਸ਼ਨ ਬਲੈਕ ਥੰਡਰ ਤੋ ਬਾਅਦ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿਤਾ ਗਿਆ ਅਤੇ ਉਨ੍ਹਾਂ ਗਲ ਵਿਚ ਤਖਤੀ ਪਾ ਕੇ ਸਜਾ ਸਵਿਕਾਰ ਕੀਤੀ ਅਤੇ ਭੁਗਤ ਕੇ ਅਪਣੀ ਗਲਤੀ ਦਾ ਪਸ਼ਚਾਤਾਪ ਕੀਤਾ। ਪਰ ਇਥੇ ਅਜਿਹਾ ਕੁਝ ਵੀ ਨਹੀਂ ਹੋਇਆ। ਹਮੇਸ਼ਾ ਵਾਂਗ ਖੁਦ ਨੂੰ ਸੁਪਰੀਮੋ ਸਮਝਣ ਵਾਲੇ ਬਾਦਲ ਖੁਦ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮਾਈਕ ’ਤੇ ਖੜ੍ਹੇ ਹੋ ਕੇ ਮੁਆਫੀ ਮੰਗੀ ਅਤੇ ਮੀਡੀਆ ’ਤੇ ਇਸ ਦਾ ਪ੍ਰਚਾਰ ਵੀ ਕੀਤਾ ਗਿਆ। ਹੁਣ ਜੇਕਰ ਗਲਤੀਆਂ ਦੀ ਗੱਲ ਕਰੀਏ ਤਾਂ ਉਸਦੀ ਲਿਸਟ ਬਹੁਤ ਲੰਬੀ ਹੈ। ਸੱਤਾ ਦੇ ਨਸ਼ੇ ਵਿੱਚ ਧੁੱਤ ਬਾਦਲ ਦਲ ਵੱਲੋਂ ਸੱਤਾ ਦੀ ਦੁਰਵਰਤੋਂ ਇੱਕ ਵੱਡੀ ਮਿਸਾਲ ਹੈ ਅਤੇ ਜਿਸ ਲਈ ਉਨ੍ਹਾਂ ਮਿਲੀ ਸਜਾ ਵੀ ਬੇਮਿਸਾਲ ਹੈ। ਸੰਗਤ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਸੁਮੇਧ ਸਿੰਘ ਸੈਣੀ ਵਰਗੇ ਪੁਲਿਸ ਅਧਿਕਾਰੀ ਨੂੰ ਡੀ.ਜੀ.ਪੀ. ਨਿਯੁਕਤ ਕਰ ਦਿੱਤਾ। ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਉਨ੍ਹਾਂ ਦੇ ਸ਼ਾਸਨ ਦੀ ਸਭ ਤੋਂ ਵੱਡੀ ਗਲਤੀ ਹੈ, ਡੇਰਾ ਸਿਰਸਾ ਦੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮਾਮਲਾ ਜਿਸ ਵਿਚ ਸਭ ਕੁਝ ਸਪਸ਼ਟੱ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਇਹ ਗੱਲ ਨਹੀਂ ਮੰਨੀ ਕਿ ਇਹ ਉਨ੍ਹਾਂ ਦੀ ਬੱਜਰ ਗਲਤੀ ਸੀ, ਪੰਥ ਵਿਚੋਂ ਛੇਕੇ ਹੋਣ ਦੇ ਬਾਵਜੂਦ ਇਨ੍ਹਾਂ ਦੇ ਨੇਤਾ ਉਸਦੇ ਪਾਸ ਵੋਟ ਦੀ ਚਾਹਤ ਲਈ ਜਾਂਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਤਖਤ ਸਹਿਬਾਨ ਦੇ ਜਥੇਦਾਰ ਸਾਹਿਬ ਨੂੰ ਆਪਣੀ ਮਰਜ਼ੀ ਅਨੁਸਾਰ ਜਦੋਂ ਚਾਹਿਆ ਫਾਰਗ ਕਰ ਦਿਤਾ ਅਤੇ ਜਿਸਨੂੰ ਚਾਹਿਆ ਬਿਠਾ ਦਿਤਾ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਹਰ ਤਰ੍ਹਾਂ ਦੀ ਦਖਲ ਅੰਦਾਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਅਤੇ ਜੇਬ ਵਿਚੋਂ ਕੱਢੀ ਪਰਚੀ ਨਾਲ ਪ੍ਰਧਾਨ ਥਾਪਣੇ, ਸ੍ਰੀ ਆਨੰਦਪੁਰ ਸਾਹਿਬ ਦਾ ਮਤਾ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਲਈ ਚੰਡੀਗੜ੍ਹ ਹਾਸਲ ਕਰਨਾ, ਇਹ ਸਭ ਕੁਝ ਭੁੱਲ ਜਾਣਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੱਡੀਆਂ ਗਲਤੀਆਂ ਰਹੀਆਂ ਹਨ। ਜਿਸਦਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਪਛਤਾਵਾ ਨਹੀਂ ਕੀਤਾ ਅਤੇ ਚੋਣਾਂ ਸਮੇਂ ਪੰਥ ਨੂੰ ਖਤਰੇ ਦਾ ਹਵਾਲਾ ਦੇ ਕੇ ਵੋਟਾਂ ਮੰਗੀਆਂ, ਅਮਨ-ਕਾਨੂੰਨ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ, ਆਪਣੇ ਲੋਕਾਂ ਖਿਲਾਫ ਅਪਰਾਧੀ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਨ ਦੇਣੀ ਅਤੇ ਵਿਰੋਧੀਆਂ ਨੂੰ ਪ੍ਰਤਾੜਿਤ ਕਰਨਾ ਅਤੇ ਕਰਵਾਉਣਾ ਬਾਦਲ ਤੇ ਮਜੀਠੀਆ ਦੇ ਹਿੱਸੇ ਆਏ। ਜਿਸਦਾ ਕਦੇ ਵੀ ਇਨ੍ਹਾਂ ਨੂੰ ਅਹਿਸਾਸ ਨਹੀਂ ਹੋਇਆ ਅਤੇ ਸੱਤਾ ਦਾ ਨਸ਼ਾ ਲਗਾਤਾਰ ਦਿਨੋ ਦਿਨ ਵਧਦਾ ਗਿਆ। ਜਿਸ ਕਾਰਨ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਬਰਬਾਦੀ ਦੇ ਕਗਾਰ ਤੇ ਹੈ। ਪਰ ਹਰ ਵਾਰ ਵੋਟਾਂ ਨੇੜੇ ਪੰਥ ਦੀ ਦੁਹਾਈ ਦੇ ਕੇ ਵੋਟਾਂ ਹਾਸਿਲ ਕੀਤੀਆਂ ਗਈਆਂ ਪਰ ਸ਼ਾਇਦ ਇਸ ਵਾਰ ਵੀ ਪੰਜਾਬ ਨਿਵਾਸੀ ਅਤੇ ਪੰਥ ਇਨ੍ਹਾਂ ਨੂੰ ਬਖਸ਼ਣ ਦੇ ਮੂਡ ਵਿਚ ਨਹੀਂ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here