ਮੋਗਾ, 4 ਅਪ੍ਰੈਲ ( ਵਿਕਾਸ ਮਠਾੜੂ, ਮੋਹਿਤ ਜੈਨ) -ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਸਵੀਪ ਟੀਮ ਵੱਲੋਂ ਆਪਣੀਆਂ ਸਵੀਪ ਗਤੀਵਿਧੀਆਂ ਨੂੰ ਪੂਰੇ ਜੋਸ਼ ਨਾਲ ਚਲਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਰ 70 ਫੀਸਦੀ ਪਾਰ ਦੇ ਨਾਅਰੇ ਨੂੰ ਸਾਕਾਰ ਕੀਤਾ ਜਾ ਸਕੇ। ਸਵੀਪ ਟੀਮ ਨਵੇਂ ਨੌਜਵਾਨ ਵੋਟਰਾਂ, ਦਿਵਿਆਂਗਜਨਾਂ ਅਤੇ ਬਿਰਧ ਵੋਟਰਾਂ ਉੱਪਰ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਆਪਣੀਆਂ ਗਤੀਵਿਧੀਆਂ ਆਯੋਜਿਤ ਕਰ ਰਹੀ ਹੈ ਤਾਂ ਕਿ ਇਨ੍ਹਾਂ ਵਿਅਕਤੀਆਂ ਨੂੰ ਵੀ ਵੋਟ ਪਾਉਣ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਹਰਕੰਵਲਜੀਤ ਸਿੰਘ ਨੇ ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ. ਗੜ੍ਹ ਵਿਖੇ ਕਰਵਾਏ ਗਏ ਸਵੀਪ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਪਰ ਸ਼ਮੂਲੀਅਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ ਵੀ ਮੌਜੂਦ ਸਨ।ਸ੍ਰ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰੇਕ ਪੋਲਿੰਗ ਬੂਥਾਂ ਤੇ ਲੋੜਵੰਦ ਵਿਅਕਤੀਆਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਲ੍ਹੇ ਦੀ ਸਵੀਪ ਟੀਮ ਵੱਲੋਂ ਵੋਟਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪਿਛਲੇ ਦਿਨੀਂ ਮਸ਼ਹੂਰ ਲੋਕ ਗਾਇਕ ਤੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਨੌਜਵਾਨਾਂ ਦਾ ਜ਼ਿਲ੍ਹਾ ਸਵੀਪ ਆਈਕਨ ਨਿਯੁਕਤ ਕੀਤਾ ਗਿਆ ਸੀ, ਆਪਣੀ ਨਿਯੁਕਤੀ ਤੋਂ ਬਾਅਦ ਗਿੱਲ ਰੌਂਤਾ ਨੇ ਜ਼ਿਲ੍ਹਾ ਸਵੀਪ ਟੀਮ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਪ੍ਰੋਗਰਾਮ ਵਿੱਚ ਉਨ੍ਹਾ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ ਘਾਲੀ, ਸਵੀਪ ਨੋਡਲ ਅਫ਼ਸਰ ਬਾਘਾਪੁਰਾਣਾ ਸੰਜੀਵ ਕੁਮਾਰ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ।
ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਐਸ.ਡੀ.ਐਮ. ਬਾਘਾਪੁਰਾਣਾ ਨੇ ਸਵੀਪ ਬਾਰੇ ਵਿਸਥਾਰ ਸਹਿਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵੋਟਾਂ ਬਣਵਾਉਣ ਅਤੇ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਸ੍ਰੀਮਤੀ ਸ਼ੁਭੀ ਆਂਗਰਾ ਨੇ ਹਾਜ਼ਰੀਨ ਨੂੰ ਦੱਸਿਆ ਕਿ ਜ਼ੋ ਅਸੀਂ ਅੱਜ ਇੱਥੋਂ ਸਿੱਖ ਕੇ ਜਾ ਰਹੇ ਹਾਂ ਉਸਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੈ ਅਤੇ ਵੋਟਾਂ ਵਾਲੇ ਦਿਨ ਅਸੀਂ ਇੱਕ ਵਧੀਆ ਵਲੰਟੀਅਰ ਦੇ ਤੌਰ ਤੇ ਵੀ ਕੰਮ ਕਰਨਾ ਹੈ।
ਆਪਣੇ ਭਾਸ਼ਣ ਦੌਰਾਨ ਗਰਵਿੰਦਰ ਸਿੰਘ ਗਿੱਲ ਰੌਂਤਾ ਨੇ ਨੌਜਵਾਨਾਂ ਨੂੰ ਉਨ੍ਹਾਂ ਦੀ ਉਮਰ ਦੇ ਤਕਾਜੇ ਮੁਤਾਬਿਕ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਆਪਾਂ ਸਾਰੇ ਵੋਟ ਬਣਵਾਈਏ ਅਤੇ ਫਿਰ ਵੋਟਾਂ ਵਾਲੇ ਦਿਨ ਵਧ ਚੜ੍ਹ ਕੇ ਵੋਟ ਪਾਉਣ ਵਿੱਚ ਹਿੱਸਾ ਲਈਏ। ਆਪਣੇ ਮਾਪਿਆਂ ਅਤੇ ਹੋਰ ਬਜੁਰਗਾਂ ਦਾ ਪਿਆਰ ਸਹਿਤ ਵੋਟ ਬੂਥ ਤੱਕ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ ਅਤੇ ਸਾਨੂੰ ਇਹ ਬਾਖੂਬੀ ਨਿਭਾਉਣੀ ਚਾਹੀਦੀ ਹੈ। ਆਪਣੇ ਵਿਦਿਆਰਥੀ ਜੀਵਨ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਅਸੀਂ ਜ਼ੋ ਉਹ ਵਿਦਿਆਰਥੀ ਹੁੰਦੇ ਹੋਏ ਆਪਣੇ ਦੇਸ਼ ਲਈ ਕਰ ਸਕਦੇ ਹਾਂ ਉਹ ਵਡੇਰੀ ਉਮਰ ਵਿੱਚ ਨਹੀਂ ਹੁੰਦਾ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੀ ਫਰਮਾਇਸ਼ ਤੇ ਉਨ੍ਹਾਂ ਨੂੰ ਗੀਤ ਅਤੇ ਵੋਟਾਂ ਸਬੰਧੀ ਲਿਖੇ ਸ਼ੇਅਰ ਵੀ ਸੁਣਾਏ।
ਪ੍ਰੋਗਰਾਮ ਦੌਰਾਨ ਪ੍ਰੋ. ਬਲਵਿੰਦਰ ਸਿੰਘ ਨੇ ਵੀ ਆਪਣੇ ਵੋਟਾਂ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਅੰਤ ਵਿੱਚ ਸਹਾਇਕ ਸਵੀਪ ਨੋਡਲ ਅਫ਼ਸਰ ਮੋਗਾ ਗੁਰਪ੍ਰੀਤ ਸਿੰਘ ਘਾਲੀ ਨੇ ਹਾਜ਼ਰੀਨ ਨੂੰ ਵੋਟਰ ਪ੍ਰਣ ਦਿਵਾਇਆ ਤਾਂ ਕਿ ਅਸੀਂ ਸਾਰੇ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਆਦਿ ਤੋਂ ਆਪਣੀ ਵੋਟ ਪਾਈਏ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਈਏ। ਇਸ ਦੌਰਾਨ ਵੋਟਾਂ ਸਬੰਧੀ ਵਰਤੇ ਜਾਣ ਵਾਲੇ ਐਪ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ ਐਪ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।