ਭਾਸ਼ਾ ਦੀ ਮਰਿਯਾਦਾ ਬਰਕਰਾਰ ਰਹੇ
ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਅਜਿਹੇ ਵਿਚ ਸਿਆਸੀ ਪਾਰਟੀਆਂ ਇਕ-ਦੂਜੇ ’ਤੇ ਨਿਸ਼ਾਨਾ ਸਾਧ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਇਕ ਉਮੀਦਵਾਰ ਜਾਂ ਇਕ ਨੇਤਾ ਦੇ ਖਿਲਾਫ ਦੂਜੇ ਉਮੀਦਵਾਰ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਹਿਲਾਂ ਹਿਮਾਚਲ ਚ ਬੀਜੇਪੀ ਉਮੀਦਵਾਰ ਕੰਗਨਾ ਰਣੌਤ ਦੇ ਖਿਲਾਫ ਟਿੱਪਣੀ ਦਾ ਮੁੱਦਾ ਗਰਮਾਇਆ ਅਤੇ ਹੁਣ ਯੂਪੀ ਤੋਂ ਉਮੀਦਵਾਰ ਅਭਿਨੇਤਰੀ ਹੇਮਾ ਮਾਲਿਨੀ ਖ਼ਿਲਾਫ਼ ਕਾਂਗਰਸ ਆਗੂ ਪਣਦੀਪ ਸਿੰਘ ਸੂਰਜੇਵਾਲਾ ਵਲੋਂ ਕੀਤੀ ਗਈ ਟਿੱਪਣੀ ਨਾਲ ਸਿਆਸਤ ਦਾ ਮਾਹੌਲ ਇੱਕ ਵਾਰ ਫਿਰ ਗਰਮਾ ਗਿਆ ਹੈ। ਦੂਜੇ ਪਾਸੇ ਭਾਜਪਾ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਉੱਤੇ ਹਮਲੇ ਕਰ ਰਹੀ ਹੈ। ਜਿਹੜੇ ਆਗੂ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ, ਉਹ ਆਪਣੀ ਪਹਿਲੀ ਪਾਰਟੀ ਅਤੇ ਉਸਦੀ ਲੀਡਰਸ਼ਿਪ ਦੀ ਨਿੰਦਾ ਕਰ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਦੇਸ਼ ਵਿਚ ਚੋਣਾਂ ਸ਼ੁਰੂ ਹੋ ਗਈਆਂ ਸਨ ਅਤੇ ਹਰ ਸਾਲ ਦੇਸ਼ ਵਿਚ ਕਿਤੇ ਨਾ ਕਿਤੇ ਚੋਣਾਂ ਹੁੰਦੀਆਂ ਰਹਿੰਦੀਆਂ ਹਨ। ਪਰ ਪਹਿਲਾਂ ਰਾਜਨੀਤਿਕ ਲੋਕ ਭਾਸ਼ਾ ਦੀ ਮਰਿਆਦਾ ’ਤੇ ਸੰਜਮ ਰੱਖਦੇ ਸਨ ਅਤੇ ਹੁਣ ਨੇਤਾਵਾਂ ਕੋਲ ਸਬਰ ਨਹੀਂ ਰਿਹਾ ਜਾਂ ਇਹ ਸਮਝ ਲਓ ਕਿ ਪੁਰਾਣੇ ਸਮਿਆਂ ’ਚ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਸੀਂ ਇਸ ਦੇ ਖਿਲਾਫ ਕੋਈ ਵੀ ਸ਼ਬਦ ਕਹੋ। ਉਹ ਚੰਗਾ ਹੋਵੇ ਜਾਂ ਮਾੜਾ 1 ਮਿੰਟ ਦੇ ਅੰਦਰ ਹੀ ਇਹ ਸਾਰੀ ਦੁਨੀਆ ਵਿੱਚ ਵਾਇਰਲ ਹੋ ਜਾਂਦੀ ਹੈ। ਜੇਕਰ ਕੋਈ ਮਾੜਾ ਸ਼ਬਦ ਬੋਲਿਆ ਜਾਵੇ ਤਾਂ ਉਸਦੀ ਨਿੰਦਾ ਕੀਤੀ ਜਾਂਦੀ ਹੈ, ਜੇਕਰ ਕੋਈ ਚੰਗਾ ਸ਼ਬਦ ਕਿਹਾ ਜਾਵੇ ਤਾਂ ਉਸਦੀ ਸਰਾਹਨਾ ਵੀ ਹੁੰਦੀ ਹੈ। ਇਸ ਲਈ ਸਾਰੀਆਂ ਰਾਜਨੀਤਿਕ ਧਿਰਾਂ ਦੇ ਆਗੂਆਂ ਨੂੰ ਭਾਸ਼ਾ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇੱਕ ਪੁਰਾਣੀ ਕਹਾਵਤ ਹੈ ਕਿ ਹਥਿਆਰ ਨਾਲ ਲਾਇਆ ਜ਼ਖ਼ਮ ਸਮੇਂ ਸਿਰ ਠੀਕ ਹੋ ਜਾਂਦਾ ਹੈ ਪਰ ਜ਼ੁਬਾਨ ਦਾ ਲਾਇਆ ਜ਼ਖ਼ਮ ਸਾਰੀ ਉਮਰ ਭਰਦਾ ਨਹੀਂ ਅਤੇ ਕਈ ਵਾਰ ਅਜਿਹੇ ਸ਼ਬਦ ਮਰਨ ਤੋਂ ਬਾਅਦ ਵੀ ਤੁਹਾਡਾ ਪਿੱਛਾ ਨਹੀਂ ਛੱਡਦੇ ਅਤੇ ਤੁਹਾਡੀਆਂ ਅਗਲੀਆਂ ਪੀੜ੍ਹੀਅਆਾਂ ਵੀ ਉਸਦਾ ਖਮਿਆਜਾ ਭੁਗਤਦੀਆਂ ਹਨ। ਸਾਰੀਆਂ ਪਾਰਟੀਆਂ ਦੇ ਸਾਰੇ ਆਗੂ ਤੇ ਆਗੂ ਸਤਿਕਾਰਯੋਗ ਹਨ। ਜਦੋਂ ਚੋਣਾਂ ਹੁੰਦੀਆਂ ਹਨ ਤਾਂ ਲੋਕ ਆਪੋ-ਆਪਣੇ ਆਗੂਆਂ ਦੀ ਮਦਦ ਕਰਦੇ ਹੋਏ ਆਪੋ-ਆਪਣੇ ਭਾਈਚਾਰਿਆਂ ਨਾਲ ਵਿਰੋਧ ਅਤੇ ਦੁਸ਼ਮਣੀ ਪੈਦਾ ਕਰ ਲੈਂਦੇ ਹਨ। ਪਰ ਚੋਣਾਂ ਤੋਂ ਬਾਅਦ ਇਹ ਸਾਰੇ ਆਗੂ ਇੱਕ ਹੋ ਜਾਂਦੇ ਹਨ ਅਤੇ ਆਪਣੇ ਬੱਚੇ ਵੀ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਘਰਾਂ ਵਿੱਚ ਵਿਆਹਉਂਦੇ ਹਨ ਅਤੇ ਇਨ੍ਹਾਂ ਦੇ ਮਗਰ ਲੱਗ ਕੇ ਆਪੋ-ਆਪਣੇ ਭਾਈਚਾਰਿਆਂ ਨਾਲ ਦੁਸ਼ਮਣੀ ਪੈਦਾ ਕਰਨ ਵਾਲੇ ਲੋਕ ਹਮੇਸ਼ਾ ਲਈ ਇਕ ਦੂਸਰੇ ਖਿਲਾਫ ਲਕੀਰ ਖਿੱਚ ਲੈਂਦੇ ਹਨ। ਰਾਜਨੀਤਿਕ ਲੀਡਰਾਂ ਦੇ ਕਿਰਦਾਰਾਂ ਬਾਰੇ ਤੁਸੀਂ ਹੁਣ ਹੀ ਦਲਬਦਲੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਂਤ ਦੇਖ ਸਕਦੇ ਹੋ। ਇਸ ਲਈ ਕੋਈ ਵੀ ਲੀਡਰ ਹੋਵੇ ਜਾਂ ਵਰਕਰ ਸਭ ਆਪਣੀ ਭਾਸ਼ਾ ਲਈ ਸੰਜਮ ਬਣਾ ਕੇ ਰੱਖਣ। ਜਨਤਾ ਇਨ੍ਹਾਂ ਨੇਤਾਵਾਂ ਦੇ ਪਿੱਛੇ ਲੱਗ ਕੇ ਆਪਣੀ ਭਾਈਚਾਰਕ ਸਾਂਝ ਦੇ ਵਿਰੁੱਧ ਨਾ ਖੜ੍ਹਨ। ਚੋਣਾਂ ਦੇ ਸਮੇਂ ਦੀ ਗੱਲ ਹੋਰ ਅਤੇ ਚੋਣਾਂ ਤੋਂ ਬਾਅਦ ਗੱਲ ਹੋਰ ਹੁੰਦੀ ਹੈ। ਇਸੇ ਨੂੰ ਰਾਜਨੀਤੀ ਕਹਿੰਦੇ ਹਨ।
ਹਰਵਿੰਦਰ ਸਿੰਘ ਸੱਗੂ।