ਜਗਰਾਉਂ, 4 ਅਪ੍ਰੈਲ ( ਜਗਰੂਪ ਸੋਹੀ, ਰੋਹਿਤ ਗੋਇਲ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਕਿੱਲੋ ਅਫੀਮ, 20 ਗ੍ਰਾਮ ਹੈਰੋਇਨ ਅਤੇ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲੀਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਰਾਜਗੜ੍ਹ ਵਿਖੇ ਚੈਕਿੰਗ ਲਈ ਮੌਜੂਦ ਸਨ। ਸੂਚਨਾ ਮਿਲੀ ਕਿ ਰਵਿੰਦਰ ਸਿੰਘ ਉਰਫ ਨਿੱਕਾ ਵਾਸੀ ਵਜ਼ੀਰਪੁਰ ਵਿਦੇਸ ਜ਼ਿਲਾ ਸੰਗਰੂਰ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜੋ ਅਫੀਮ ਦੀ ਸਪਲਾਈ ਕਰਨ ਲਈ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਰਾਏਕੋਟ ਤੋਂ ਪਿੰਡ ਜਲਾਲਦੀਵਾਲ ਨੂੰ ਜਾ ਰਿਹਾ ਹੈ। ਇਸ ਸੂਚਨਾ ’ਤੇ ਚੌਕ ਜਲਾਲਦੀਵਾਲ ਕੋਲ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਆ ਰਹੇ ਰਵਿੰਦਰ ਸਿੰਘ ਨਿੱਕਾ ਨੂੰ ਇਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿਟੀ ਰਾਏਕੋਟ ਤੋਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਬਰਨਾਲਾ ਰੋਡ ’ਤੇ ਚੈਕਿੰਗ ਲਈ ਮੌਜੂਦ ਸਨ। ਡਰੇਨ ਦੇ ਪੁਲ ਕੋਲ ਮੋਟਰਸਾਈਕਲ ’ਤੇ ਦੋ ਵਿਅਕਤੀ ਖੜ੍ਹੇ ਸਨ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਮੋਟਰਸਾਈਕਲ ਸਮੇਤ ਉਥੋਂ ਫ਼ਰਾਰ ਹੋਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕੀਤੀ। ਇਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਮ ਦੀਪ ਸਿੰਘ ਅਤੇ ਦੂਜੇ ਨੇ ਸਤਨਾਮ ਸਿੰਘ ਵਾਸੀ ਪਿੰਡ ਕੋਟਦੁੱਨਾ, ਜ਼ਿਲ੍ਹਾ ਧਨੌਲਾ, ਬਰਨਾਲਾ ਦੱਸਿਆ। ਮੋਟਰਸਾਇਕਿਲ ਦੀ ਹੈੱਡਲਾਈਟ ਅਤੇਸਪੀਡੋਮੀਟਰ ਦੇ ਵਿਚਕਾਰ ਇੱਕ ਲਿਫ਼ਾਫ਼ਾ ਰੱਖਿਆ ਹੋਇਆ ਸੀ ਜਿਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਦੀਪ ਸਿੰਘ ਅਤੇ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਚੌਕੀ ਜਲਾਲਦੀਵਾਲ ਤੋਂ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਮੇਨ ਚੌਕ ਜਲਾਲਦੀਵਾਲ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪਿੰਡ ਅੱਚਰਵਾਲ ਥਾਣਾ ਹਠੂਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਸਸਤੇ ਭਾਅ ’ਤੇ ਸ਼ਰਾਬ ਲਿਆ ਕੇ ਪਿੰਡਾਂ ਦੀਆਂ ਅਨਾਜ ਮੰਡੀਆਂ ’ਚ ਵੇਚਦਾ ਹੈ। ਜੋ ਅੱਜ ਵੀ ਜਲਾਲਦੀਵਾਲ ਦੀ ਦਾਣਾ ਮੰਡੀ ਵਿੱਚ ਸ਼ਰਾਬ ਲੈ ਕੇ ਗਾਹਕਾਂ ਦੀ ਉਡੀਕ ਵਿੱਚ ਬੈਠਾ ਹੈ। ਇਸ ਸੂਚਨਾ ’ਤੇ ਛਾਪੇਮਾਰੀ ਕਰ ਕੇ ਬਲਬਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਦੇਸੀ ਮਾਰਕਾ ਰਸਭਰੀ ਪੰਜਾਬ ਬਰਾਮਦ ਕੀਤੀਆਂ ਗਈਆਂ।