ਸੁਧਾਰ, 4 ਅਪ੍ਰੈਲ ( ਭਗਵਾਨ ਭੰਗੂ, ਅਸ਼ਵਨੀ )-ਵੇਰਕਾ ਮਿਲਕ ਪਲਾਂਟ ਲਈ ਦੁੱਧ ਇਕੱਠਾ ਕਰਨ ਵਾਲੀ ਗੱਡੀ ਦਾ ਢੱਕਣ ਖੋਲ੍ਹ ਕੇ ਉਸ ਵਿੱਚ ਕੋਈ ਪਦਾਰਥ ਪਾ ਕੇ ਦੁੱਧ ਨੂੰ ਖਰਾਬ ਕਰਨ ਦੇ ਦੋਸ਼ ਵਿੱਚ ਪਿਓ-ਪੁੱਤ ਖ਼ਿਲਾਫ਼ ਥਾਣਾ ਸੁਧਾਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਵਾਸੀ ਪਿੰਡ ਫੱਲੇਵਾਲ ਥਾਣਾ ਜੋਧਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਕੋਲ ਇੱਕ ਲੇਲੈਂਡ ਮਾਰਕਾ ਟੈਂਕਰ ਹੈ, ਜੋ ਉਸ ਨੇ ਵੇਰਕਾ ਮਿਲਕ ਪਲਾਂਟ, ਲੁਧਿਆਣਾ ਫਿਰੋਜ਼ਪੁਰ ਰੋਡ ਵਿਖੇ ਲਗਾਇਆ ਹੋਇਆ ਹੈ ਅਤੇ ਇਸ ਵਿੱਚ ਦੁੱਧ ਪਿੰਡਾਂ ਵਿਚੋਂ ਇਕੱਠਾ ਕਰਕੇ ਪਲਾਂਟ ਵਿਚ ਛੱਡ ਕੇ ਆਉਂਦਾ ਹੈ, 25 ਮਾਰਚ ਨੂੰ ਸਵੇਰੇ ਉਹ ਆਪਣੇ ਡਰਾਈਵਰ ਹਰਦੀਪ ਸਿੰਘ ਵਾਸੀ ਸ਼ੇਖੂਪੁਰ ਪਿੰਡਾਂ ਦੇ ਸੈਂਟਰਾਂ ਤੋਂ ਦੁੱਧ ਲੈਣ ਲਈ ਜਾ ਰਿਹਾ ਸੀ। ਪਹਿਲਾਂ ਉਸ ਨੇ ਆਪਣਾ ਟੈਂਕਰ ਪਿੰਡ ਐਤੀਆਣਾ ਵਿਖੇ ਵੇਰਕਾ ਦੁੱਧ ਦੀ ਡੇਅਰੀ ਨੇੜੇ ਡਾ: ਬੂਟਾ ਸਿੰਘ ਦੀ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਖੜ੍ਹਾ ਕੀਤਾ ਅਤੇ ਦੁੱਧ ਦੀ ਡੇਅਰੀ ਤੋਂ ਦੁੱਧ ਵਿੱਚ ਫੈਟ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਮੇਰਾ ਡਰਾਈਵਰ ਦੁੱਧ ਦੀ ਡੇਅਰੀ ਦੇ ਅੰਦਰ ਗਿਆ ਸੀ ਤਾਂ ਇਸ ਦੌਰਾਨ ਦਲਜੀਤ ਸਿੰਘ ਉਰਫ ਬੇਲਾ ਅਤੇ ਉਸਦਾ ਲੜਕਾ ਪ੍ਰਭਜੋਤ ਸਿੰਘ ਵਾਸੀ ਪਿੰਡ ਸ਼ੇਖੂਪੁਰ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਆਏ ਅਤੇ ਪ੍ਰਭਜੋਤ ਸਿੰਘ ਪਿੰਡ ਦੀ ਦੁੱਧ ਦੀ ਡੇਅਰੀ ਦੇ ਸਾਹਮਣੇ ਖੜ੍ਹੇ ਸਾਡੇ ਟੈਂਕਰ ਦੇ ਉੱਪਰ ਚੜ੍ਹ ਗਿਆ ਅਤੇ ਉਸਨੇ ਦੁੱਧ ਨੂੰ ਖਰਾਬ ਕਰਨ ਦੀ ਨੀਅਤ ਨਾਲ ਉਹ ਆਪਣੇ ਨਾਲ ਇੱਕ ਭਾਰੀ ਲਿਫਾਫਾ ਲੈ ਕੇ ਆਇਆ ਜਿਸ ਵਿੱਚ ਕੋਈ ਮਿਲਾਵਟੀ ਪਦਾਰਥ ਸੀ, ਦੁੱਧ ਦੇ ਟੈਂਕਰ ਦਾ ਢੱਕਣ ਚੁੱਕ ਕੇ ਦੁੱਧ ਵਿੱਚ ਪਾ ਦਿੱਤਾ ਅਤੇ ਬਾਅਦ ਵਿੱਚ ਆਪਣੇ ਪਿਤਾ ਦਲਜੀਤ ਸਿੰਘ ਸਮੇਤ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਦੁੱਧ ਦੇ ਟੈਂਕਰ ਵਿੱਚ ਕਰੀਬ 11000 ਲੀਟਰ ਦੁੱਧ ਸੀ। ਇਹ ਘਟਨਾ ਕਰਿਆਨੇ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਇਸ ਸਬੰਧੀ ਰੁਪਿੰਦਰ ਸਿੰਘ ਦੇ ਬਿਆਨਾਂ ’ਤੇ ਦਲਜੀਤ ਸਿੰਘ ਉਰਫ਼ ਬੇਲਾ ਅਤੇ ਉਸ ਦੇ ਪੁੱਤਰ ਪ੍ਰਭਜੋਤ ਸਿੰਘ ਵਾਸੀ ਪਿੰਡ ਸ਼ੇਖੂਪੁਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।