Home Punjab ਤੰਬਾਕੂ ਮੁਕਤ ਜਨਤਕ ਸਥਾਨ ਮੁਹਿੰਮ ਤਹਿਤ ਟੀਮ ਵੱਲੋਂ ਵੱਖ-ਵੱਖ ਸਥਾਨਾਂ ਦਾ ਦੌਰਾ

ਤੰਬਾਕੂ ਮੁਕਤ ਜਨਤਕ ਸਥਾਨ ਮੁਹਿੰਮ ਤਹਿਤ ਟੀਮ ਵੱਲੋਂ ਵੱਖ-ਵੱਖ ਸਥਾਨਾਂ ਦਾ ਦੌਰਾ

28
0

ਮਾਲੇਰਕੋਟਲਾ 6 ਅਪ੍ਰੈਲ ( ਰੋਹਿਤ ਗੋਇਲ, ਧਰਮਿੰਦਰ)-ਜਨਤਕ ਸਥਾਨਾਂ ਤੇ ਤੰਬਾਕੂ ਐਕਟ ਦੀ ਉਲੰਘਣਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਬਣਾਈਆਂ ਗਈਆਂ ਬਲਾਕ ਪੱਧਰੀ ਟੀਮਾਂ ਵੱਲੋਂ ਕੋਟਪਾ ਐਕਟ 2003 ਦੀ ਪਾਲਣਾ ਯਕੀਨੀ ਬਣਾਉਣ ਲਈ ਅਚਨਚੇਤ ਦੌਰੇ ਕੀਤੇ ਜਾਂਦੇ ਹਨ। ਇਸ ਦੇ ਤਹਿਤ ਅੱਜ ਬਲਾਕ ਅਮਰਗੜ੍ਹ ਦੀ ਟੀਮ ਵੱਲੋਂ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਸਿਹਤ ਬਲਾਕ ਅਮਰਗੜ੍ਹ ਦੇ ਨੋਡਲ ਅਧਿਕਾਰੀ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸਰਕਾਰ ਵੱਲੋਂ ਤੰਬਾਕੂ ਪਦਾਰਥਾਂ ਦੀ ਜਨਤਕ ਸਥਾਨ ਤੇ ਮਨਾਹੀ ਹੈ। ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਦੀ ਅਗਵਾਈ ‘ਚ ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ ਅਤੇ ਐਸਐਮਓ ਡਾ. ਰੀਤੂ ਸੇਠੀ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਿਹਤ ਬਲਾਕ ਅਮਰਗੜ੍ਹ ਦੀ ਟੀਮ ਵੱਲੋਂ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਾਰਾ ਸਾਲ ਹੀ ਤੰਬਾਕੂ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਅਧੀਨ ਚਲਾਨ ਕਰਨ ਤੋਂ ਇਲਾਵਾ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸ ਦੇ ਤਹਿਤ ਹੀ ਅੱਜ ਸਿਹਤ ਬਲਾਕ ਅਮਰਗੜ੍ਹ ਅਧੀਨ ਆਉਂਦੇ ਪਿੰਡ ਮੰਡੀਆਂ, ਬਦੇਸ਼ਾ, ਖਾਨਪੁਰ ਸਰੋਦ ਆਦਿ ਪਿੰਡਾਂ ‘ਚ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਰੇਲਗੱਡੀ, ਹੋਟਲ, ਸਿੱਖਿਆ ਸੰਸਥਾ ਆਦਿ ਵਿਚ ਤੰਬਾਕੂਨੋਸ਼ੀ ਨਹੀਂ ਕਰ ਸਕਦਾ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਕਿਸੇ ਵੀ ਵਿੱਦਿਅਕ ਜਾਂ ਧਾਰਮਿਕ ਸੰਸਥਾ ਦੇ 100 ਮੀਟਰ ਦੇ ਦਾਇਰੇ ਅੰਦਰ ਨਾ ਤਾਂ ਤੰਬਾਕੂ ਉਤਪਾਦ ਵੇਚਿਆ ਜਾ ਸਕਦਾ ਹੈ ਨਾ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੰਬਾਕੂ ਉਤਪਾਦ ਨੂੰ ਉਤਸ਼ਾਹਿਤ ਕਰਨ ਵਾਲੇ ਵਿਗਿਆਪਨ ਨਹੀਂ ਦਿੱਤੇ ਜਾ ਸਕਦੇ। ਤੰਬਾਕੂ ਉਤਪਾਦ ਤੇ ਲਿਖਤੀ ਅਤੇ ਤਸਵੀਰ ਸਮੇਤ 85 ਫ਼ੀਸਦੀ ਚੇਤਾਵਨੀ ਛਾਪਣੀ ਲਾਜ਼ਮੀ ਹੈ।ਸਿਹਤ ਸੁਪਰਵਾਈਜ਼ਰਾਂ ਪਰਮਜੀਤ ਸਿੰਘ, ਨਿਰਭੈ ਸਿੰਘ, ਜਗਤਾਰ ਸਿੰਘ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਧੂੰਏਂ ਵਾਲਾ ਜਾਂ ਧੂੰਆਂ ਰਹਿਤ ਦੋਵੇਂ ਕਿਸਮ ਦਾ ਹੋ ਸਕਦਾ ਹੈ। ਬੀੜੀ, ਸਿਗਰਟ ਆਦਿ ਧੂੰਏ ਵਾਲਾ ਅਤੇ ਜ਼ਰਦਾ, ਖੈਨੀ ਆਦਿ ਧੂੰਆਂ ਰਹਿਤ ਤੰਬਾਕੂ ਦੀਆਂ ਕਿਸਮਾਂ ਹਨ। ਦੋਵੇਂ ਹੀ ਕਿਸਮ ਦਾ ਤੰਬਾਕੂ ਖਤਰਨਾਕ ਹੈ। ਤੰਬਾਕੂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਲਈ ਤੰਬਾਕੂ ਦੇ ਸੇਵਨ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈ। ਇਸ ਸਮੇਂ ਟੀਮ ਦੇ ਮੈਂਬਰ ਗੁਰਧਿਆਨ ਸਿੰਘ, ਹਰਪ੍ਰੀਤ ਸਿੰਘ ਆਦਿ ਵੀ ਨਾਲ ਹਾਜ਼ਰ ਸਨ।

ਡੱਬੀ ਵੱਖਰੀ–

ਉਦਾਸੀਨ ਤੰਬਾਕੂਨੋਸ਼ੀ: ਉਦਾਸੀਨ ਤੰਬਾਕੂਨੋਸ਼ੀ (ਪੈਸਿਵ ਸਮੋਕਿੰਗ) ਚਰਚਾ ਕਰਨ ਦਾ ਇਕ ਅਹਿਮ ਵਿਸ਼ਾ ਹੈ। ਆਮ ਤੌਰ ਤੇ ਘਰਾਂ ਜਾਂ ਜਨਤਕ ਥਾਵਾਂ ਤੇ ਅਨੇਕਾਂ ਲੋਕ ਇਸ ਤਰ੍ਹਾਂ ਦੀ ਤੰਬਾਕੂਨੋਸ਼ੀ ਕਰਦੇ ਹਨ ਜਾਂ ਕਹਿ ਲਿਆ ਜਾਵੇ ਕਿ ਅਣਚਾਹੇ ਜਾਂ ਅਗਿਆਨਤਾ ਵਸ ਉਹ ਅਜਿਹੀ ਤੰਬਾਕੂਨੋਸ਼ੀ ਕਰਦੇ ਹਨ। ਕਈ ਵਾਰ ਇਕ ਕਮਰੇ ਵਿਚ ਜਾਂ ਘਰ ਵਿਚ ਇਕ ਵਿਅਕਤੀ ਤੰਬਾਕੂਨੋਸ਼ੀ ਕਰ ਰਿਹਾ ਹੈ ਅਤੇ ੳਸਦੀ ਪਤਨੀ, ਬੱਚੇ ਜਾਂ ਪਰਿਵਾਰ ਉਸਦੇ ਨੇੜੇ ਹੋਣ ਕਰਕੇ ਉਦਾਸੀਨ ਤੰਬਾਕੂਨੋਸ਼ੀ ਕਰਦੇ ਹਨ। ਦੁਨੀਆ ਭਰ ਵਿਚ ਕਰੀਬ 6 ਲੱਖ ਲੋਕਾਂ ਦੀਆਂ ਮੌੰਤਾਂ ਉਦਾਸੀਨ ਤੰਬਾਕੂਨੋਸ਼ੀ ਦਾ ਨਤੀਜ਼ਾ ਹਨ। ਇਸ ਤੋਂ ਇਲਾਵਾ ਜੇਕਰ ਗਰਭਵਤੀ ਔਰਤ ਐਕਟਿਵ ਜਾਂ ਪੈਸਿਵ ਤੰਬਾਕੂਨੋਸ਼ੀ ਕਰਦੀ ਹੈ ਤਾਂ ਗਰਭ ਵਿਚ ਪਲ ਰਹੇ ਉਸਦੇ ਬੱਚੇ ਤੇ ਇਹ ਮਾੜੇ ਅਸਰ ਹੋਣਗੇ ਅਤੇ ਉਹ ਜਮਾਂਦਰੂ ਨੁਕਸ, ਘੱਟ ਭਾਰ ਵਾਲਾ ਹੋ ਸਕਦਾ ਹੈ ਜਾਂ ਉਸਦਾ ਜਣੇਪਾ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਛੋਟਾ ਬੱਚਾ ਉਦਾਸੀਨ ਤੰਬਾਕੂਨੋਸ਼ੀ ਦੇ ਪ੍ਰਭਾਵ ਹੇਠ ਆਉਂਦਾ ਹੈ ਤਾਂ ਇੱਕ ਤਾਂ ਉਹ ਰੋਗਾਂ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਨਾਲ ਵਿਕਸਿਤ ਨਾ ਹੋਣ ਕਰਕੇ ਗੰਭੀਰ ਬੀਮਾਰੀਆਂ ਦੀ ਲਪੇਟ ਚ ਆਉਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਦੂਜਾ ਉਹ ਭਵਿੱਖ ਵਿਚ ਤੰਬਾਕੂਨੋਸ਼ੀ ਵੱਲ ਆਕਰਸ਼ਿਤ ਹੋਵੇਗਾ।

ਤੰਬਾਕੂਨੋਸ਼ੀ ਨੂੰ ਕਿਵੇਂ ਛੱਡਿਆ ਜਾਵੇ : ਕਿਸੇ ਵੀ ਹੋਰ ਭੈੜੀ ਆਦਤ ਨੂੰ ਛੱਡਣ ਵਾਂਗ ਤੰਬਾਕੂ ਦੀ ਆਦਤ ਨੂੰ ਛੱਡਣ ਲਈ ਵੀ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤੰਬਾਕੂ ਸੇਵਨ ਕਰਨ ਵਾਲਾ ਵਿਅਕਤੀ ਜੇਕਰ ਉਪਰੋਕਤ ਅਲਾਮਤਾਂ ਨੂੰ ਦੇਖਦੇ ਹੋਏ ਦ੍ਰਿੜ ਨਿਸ਼ਚਾ ਕਰ ਲਵੇ ਤਾਂ ਤੰਬਾਕੂ ਦੀ ਆਦਤ ਤੋਂ ਸੋਖਿਆਂ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਕੁਝ ਕੁ ਹਲਕੀਆਂ ਜਿਹੀਆਂ ਸਮੱਸਿਆਵਾਂ ਜਿਵੇਂ ਕਬਜ਼ ਜਾਂ ਦਸਤ, ਜੀਅ ਕੱਚਾ ਹੋਣਾ ਆਦਿ ਪੇਸ਼ ਆ ਸਕਦੀਆਂ ਹਨ ਜੋ ਕਿ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਅਤੇ ਆਪਣੇ ਆਪ ਨੂੰ ਵਿਅਸਤ ਰੱਖਣ ਨਾਲ ਇਹ ਸਮੱਸਿਆਵਾਂ ਜਲਦੀ ਹੀ ਦੂਰ ਹੋ ਜਾਣਗੀਆਂ।

LEAVE A REPLY

Please enter your comment!
Please enter your name here