ਜਗਰਾਓਂ, 6 ਅਪ੍ਰੈਲ ( ਰਾਜੇਸ਼ ਜੈਨ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਜਾਅਲੀ ਇੰਡੀਅਨ ਕਰੰਸੀ ਸਮੇਤ ਕਾਬੂ ਕੀਤਾ ਹੈ ਜਦਕਿ ਉਸਦੇ ਦੂਜੇ ਸਾਥੀ ਦੀ ਭਾਲ ਜਾਰੀ ਹੈ। ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਟੀ ਪੁਆਇੰਟ ਸਿੱਧਵਾਂ ਖੁਰਦ ਵਿਖੇ ਮੌਜੂਦ ਸਨ। ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ ਬੰਗਾਲੀ ਵਾਸੀ ਪਿੰਡ ਲੰਡੇ ਥਾਣਾ ਸਮਾਲਸਰ ਜ਼ਿਲਾ ਮੋਗਾ ਜੋ ਕਿ ਹਰਭਗਵਾਨ ਸਿੰਘ ਉਰਫ ਮਿਥੁਨ ਵਾਸੀ ਬਘੇਲਵਾਲਾ ਜ਼ਿਲਾ ਮੋਗਾ ਨਾਲ ਮਿਲ ਕੇ ਜਾਅਲੀ ਭਾਰਤੀ ਕਰੰਸੀ ਤਿਆਰ ਕਰਕੇ ਬਾਜ਼ਾਰ ’ਚ ਚਲਾਉਂਦੇ ਹਨ। ਕੁਲਦੀਪ ਸਿੰਘ ਉਰਫ਼ ਬੰਗਾਲੀ ਆਪਣੇ ਕਿਸੇ ਗਾਹਕ ਨੂੰ ਤਿਆਰ ਕੀਤੀ ਜਾਅਲੀ ਭਾਰਤੀ ਕਰੰਸੀ ਦੇਣ ਲਈ ਬੱਸ ਸਟੈਂਡ ਦੇ ਚੌਕੀਮਾਨ ਕੋਲ ਖੜ੍ਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਕੁਲਦੀਪ ਸਿੰਘ ਬੰਗਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਜੇਬ ’ਚੋਂ ਇਕ ਪਾਰਦਰਸ਼ੀ ਲਿਫਾਫਾ ਬਰਾਮਦ ਹੋਇਆ, ਜਿਸ ’ਚ ਭਾਰਤੀ ਕਰੰਸੀ ਦੇ ਨੋਟ ਸਾਫ ਦਿਖਾਈ ਦੇ ਰਹੇ ਸਨ। ਜਦੋਂ ਜਾਂਚ ਕੀਤੀ ਗਈ ਤਾਂ 5800 ਰੁਪਏ ਦੇ ਜਾਅਲੀ ਭਾਰਤੀ ਕਰੰਸੀ ਨੋਟ ਬਰਾਮਦ ਹੋਏ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿਖੇ ਕੁਲਦੀਪ ਸਿੰਘ ਤੇ ਉਸ ਦੇ ਸਾਥੀ ਹਰਭਗਵਾਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।