ਜਗਰਾਓਂ, 21 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-ਥਾਣਾ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਇੱਕ ਵਿਅਕਤੀ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ। ਜਿਸ ’ਤੇ ਪੁਲੀਸ ਵੱਲੋਂ ਉਸ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਧਾਰਾ 224 ਤਹਿਤ ਕੇਸ ਦਰਜ ਕੀਤਾ ਗਿਆ । ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਏਐਸਆਈ ਕਰਮਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਮਾਈ ਜੀਨਾ ਜਗਰਾਉਂ ਦਾ ਰਹਿਣ ਵਾਲਾ ਅਜੈ ਸਿੰਘ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਕਰਦਾ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਏ.ਐਸ.ਆਈ ਕਰਮਜੀਤ ਸਿੰਘ ਨੇ ਮੌਕੇ ’ਤੇ ਕਿਸੇ ਹੋਰ ਅਧਿਕਾਰੀ ਨੂੰ ਡਿਊਟੀ ਅਫ਼ਸਰ ਲਗਾ ਕੇ ਕਾਰਵਾਈ ਕਰਨ ਲਈ ਕਿਹਾ। ਜਿਸ ‘ਤੇ ਏਐਸਆਈ ਨਸੀਬ ਚੰਦ ਨੇ ਅਜੇ ਸਿੰਘ ਦੇ ਖਿਲਾਫ਼ ਥਾਣਾ ਸਿਟੀ ਚ ਮੁਕੱਦਮਾ ਦਰਜ ਕੀਤਾ। ਏਐਸਆਈ ਅੰਗਰੇਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਸ਼ੇਰਪੁਰ ਫਾਟਕ ਨੇੜੇ ਮੰਡੀ ਵਾਲੇ ਪਾਸੇ ਛਾਪੇਮਾਰੀ ਕੀਤੀ ਤਾਂ ਮਿਲੀ ਜਾਣਕਾਰੀ ਅਨੁਸਾਰ ਅਜੇ ਸਿੰਘ ਵਾਸੀ ਮੁਹੱਲਾ ਜੀਨਾ ਨੂੰ 100 ਖੁੱਲ੍ਹੀਆਂ ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਅਜੈ ਸਿੰਘ ਨੂੰ ਥਾਣੇ ਲਿਜਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਜਿਸ ਨੂੰ ਉਕਤ ਮਾਮਲੇ ‘ਚ ਮੈਡੀਕਲ ਕਰਵਾਉਣ ਲਈ ਲਾਕਅਪ ‘ਚੋਂ ਬਾਹਰ ਕੱਢਿਆ ਗਿਆ ਸੀ, ਉਸ ਨੂੰ ਹੱਥਕੜੀ ਲਗਾਉਣ ਹੀ ਲੱਗਾ ਸੀ ਤਾਂ ਅਜੇ ਸਿੰਘ ਨੇ ਏ.ਐੱਸ.ਆਈ. ਅੰਗਰੇਜ਼ ਸਿੰਘ ਨੂੰ ਧੱਕਾ ਦੇ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਿਆ | ਜੋ ਕਿ ਪੁਲਿਸ ਦੇ ਹੱਥ ਨਹੀਂ ਆ ਸਕਿਆ। ਜਿਸ ‘ਤੇ ਏ.ਐਸ.ਆਈ ਅੰਗਰੇਜ ਸਿੰਘ ਦੇ ਬਿਆਨਾਂ ‘ਤੇ ਅਜੇ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।