ਜਗਰਾਉਂ, 12 ਮਈ ( ਵਿਕਾਸ ਮਠਾੜੂ)-ਇਲਾਕੇ ਦੇ ਮੰਨੀ-ਪ੍ਰਮੰਨੀ ਸੰਸਥਾ ਜੀ.ਐੱਚ. ਜੀ. ਅਕੈਡਮੀ ਜਿੱਥੇ ਪੜਾਈ ਦੇ ਨਾਲ – ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਸੰਸਕਾਰਾਂ ਨਾਲ ਜੋੜਨ ਲਈ ਹਮੇਸ਼ਾ ਹੀ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਦੀਆਂ ਹਨ। ਅੱਜ ਮਿਤੀ 12 ਮਈ, 2023 ਨੂੰ ਸਕੂਲ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਅਧਿਆਤਮਕ ਦੇ ਅਧਿਆਪਕ ਸਰਦਾਰ ਹਰਭਜਨ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਫਤਹਿ ਹਾਸਲ ਕੀਤੀ ਸੀ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਲੋਹ-ਪੁਰਸ਼ ਦੀ ਆਮਦ ਹੋਈ, ਜੋ ਜਨਮਿਆ ਤਾਂ 1670 ਈ ਵਿਚ ਪੁਣਛ ਜਿਲ੍ਹੇ ਦੇ ਰਾਜੌਰੀ ਪਿੰਡ ਪਿਤਾ ਰਾਮਦੇਵ ਦੇ ਘਰ ਸੀ,ਪਰ ਨਵਾਂ ਜਨਮ ਉਸ ਨੂੰ ਉਦੋਂ ਮਿਲਿਆ ਜਦੋਂ ਮੇਲ ਹੋਇਆ ਦਸਵੇਂ ਹਜ਼ੂਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ।
ਦਸਵੇਂ ਗੁਰਦੇਵ ਨੇ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਨਾਲ ਸਾਂਝ ਪਾਈ ਉਸਦੀ। ਸਰਹਿੰਦ ਦੀ ਕੰਧ, ਚਮਕੌਰ ਦੀ ਜੰਗ….. ਤੇ ਬਹੁਤ ਕੁੱਝ।
ਸੁਣ ਕੇ ਕਹਿਣ ਲੱਗਾ, ਹੁਕਮ ਦੇਵੋ ਤਾਂ ਜੋ ਖੜਕਾ ਦੇਵਾਂ ਸਰਹਿੰਦ ਦੀ ਇੱਟ ਨਾਲ ਇੱਟ। ਗੁਰੂ ਦਾ ਬੰਦਾ ਬਣ, ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਥਾਪੜੇ ਨਾਲ ਰੁੱਖ ਕੀਤਾ ਪੰਜਾਬ ਨੂੰ। ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ ਦੇ ਜਥੇ ਨਾਲ ਦਿੱਲੀ ਪਾਰ ਕਰਦਿਆਂ, ਸੋਨੀਪਤ, ਕੈਥਲ, ਸ਼ਾਹਬਾਦ, ਸਮਾਣਾ, ਸਢੌਰਾ, ਛੱਤ, ਬਨੂੜ ਫਤਿਹ ਕਰਦਿਆਂ ਮਾਰੋ ਮਾਰ ਕਰਦਿਆਂ ਸਰਹਿੰਦ ਵੱਲ ਚੜ੍ਹਾਈ ਕੀਤੀ। ਮੁਗਲਾਂ ਦੀ ਸਰਹਿੰਦ ਦਾ ਤ੍ਰਾਹ ਨਿੱਕਲ ਗਿਆ।ਚੱਪੜਚਿੜੀ ਦੇ ਮੈਦਾਨ ਅੰਦਰ ਗਹਿਗੱਚ ਲੜਾਈ ਹੋਈ। 12 ਮਈ, 1710 ਈ: ਨੂੰ ਸੂਬਾ ਸਰਹਿੰਦ ਵਜੀਰ ਖਾਂ ਮਾਰਿਆ ਗਿਆ। ਪਲਾਂ ਵਿਚ ‘ਗੁਰੂ ਮਾਰੀ ਸਰਹਿੰਦ’ ਗਰਕ ਹੋ ਗਈ। ਵਜੀਰ ਖਾਂ ਪਾਪੀ ਦਾ ਅੰਤ ਹੋ ਗਿਆ। ਸੁੱਚਾ ਨੰਦ ਝੂਠਾ, ਤਸੀਹਿਆਂ ਨਾਲ ਮਾਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਪੁਰ ਕੇਸਰੀ ਨਿਸ਼ਾਨ ਝੁਲਾ ਸਿੱਖ ਰਾਜ ਦਾ ਗੜ੍ਹ ਬੰਨ੍ਹਿਆ। ਗੁਰੂ ਨਾਨਕ – ਗੁਰੂ ਗੋਬਿੰਦ ਦੇ ਨਾਮ ਪੁਰ ਇਬਾਰਤ ਦਰਜ ਕਰਦਿਆਂ ਸਿੱਕਾ ਚਲਾਇਆ ਜਿੰਮੀਦਾਰੀ ਪ੍ਰਥਾ ਖਤਮ ਕਰ, ਕਿਰਤੀ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦਿੱਤੀ।ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਧਰਮ ਦੇ ਮਾਰਗ ਅਤੇ ਸਚਾਈ ਦੇ ਰਸਤੇ ‘ਤੇ ਚਲਣ ਲਈ ਪ੍ਰੇਰਿਤ ਕੀਤਾ।