ਸ਼੍ਰੀ ਫਤਿਹਗੜ੍ਹ ਸਾਹਿਬ 14 ਅਪ੍ਰੈਲ ( ਜਗਰੂਪ ਸੋਹੀ) -ਅੱਜ ਦੇ ਸਮੇਂ ਚ ਇਨਸਾਫ਼ ਨਾਮ ਦੀ ਚਿੜੀ ਕਿਧਰੇ ਉੱਚੀ ਉਡਾਰੀ ਮਾਰ ਗਈ ਹੈ। ਅਨੇਕਾਂ ਲੋਕ ਇਨਸਾਫ਼ ਦੀ ਦੁਹਾਈ ਦਿੰਦੇ ਰਹਿੰਦੇ ਹਨ ਪਰ ਉਨ੍ਹਾਂ ਦੀ ਸੁਣਦਾ ਕੋਈ ਨਹੀਂ। ਆਮ ਬੰਦੇ ਦੇ ਹਾਲਾਤ ਤਾਂ ਉਸ ਸਮੇਂ ਹੋਰ ਵੀ ਬਦਤਰ ਨਜ਼ਰ ਆਉਂਦੇ ਹਨ ਜਦੋਂ ਇਕ ਪੜੇ ਲਿਖੇ ਬੰਦੇ ਨੂੰ ਵੀ ਇਨਸਾਫ਼ ਨਾ ਮਿਲੇ। ਪਿਛਲੇ ਸੱਤ ਸਾਲ ਤੋਂ ਇਨਸਾਫ਼ ਦੀ ਦੁਹਾਈ ਦੇ ਰਹੇ ਪ੍ਰੋਫੈਸਰ ਧਰਮਜੀਤ ਮਾਨ ਜਲਵੇੜਾ
ਸਹਾਇਕ ਪ੍ਰੋਫੈਸਰ ਅੰਗਰੇਜੀ (ਅੰਗਰੇਜੀ ਵਿਭਾਗ) ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ 14 ਪ੍ਰਾਈਵੇਟ ਕਾਲਜਾਂ ਦੀ ਡਿਊਟੀ ਮਗਰੋਂ ਸਰਕਾਰੀ ਕਾਲਜ ‘ਚ ਬਤੌਰ ਸਹਾਇਕ ਪ੍ਰੋਫੈਸਰ ਕੰਮ ਬਣ ਗਿਆ।ਸਰਕਾਰੀ ਰੁਜ਼ਗਾਰ ਦੀ ਖੁਸ਼ੀ ਬਹੁਤ ਸੀ , ਕਾਲਜ ਗਿਆ, ਤਾਂ ਦੇਖਿਆ ਪਹਿਲਾਂ ਤੋਂ ਕੰਮ ਕਰਦੇ ਪ੍ਰੋਫੈਸਰ ਡਰੇ ਡਰੇ ਜਿਹੇ ਲੱਗੇ । ਕੁੱਝ ਦਿਨਾਂ ਬਾਅਦ ਪਤਾ ਲੱਗਿਆ ਕਿ ਇਹ ਦੋ ਪ੍ਰੋਫੈਸਰਾਂ ਅਤੇ ਇੱਕ ਲਾਇਬ੍ਰੇਰੀਅਨ ਦੀ ਤਿੱਕੜੀ ਤੋਂ ਡਰਦੇ ਸਨ। ਕਹਿੰਦੇ ਜੇ ਇਹਨਾਂ ਦੀ ਕੋਈ ਗੱਲ ਨਹੀ ਸੁਣਦਾ ਜਾਂ ਮੰਨਦਾ ਤਾਂ ਇਹ ਬਹਾਨਾ ਬਣਾ ਕੇ ਇੱਕ ਲਿਖਤੀ ਨੋਟਿਸ ਕੱਢ ਦਿੰਦੇ ਹਨ। ਮੈਂ ਇਹਨਾਂ ਨੂੰ ਆਉਂਦੇ ਜਾਂਦੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਉਂਦਾ, ਲੇਕਿਨ ਆਪਣੀ ਆਦਤ ਮੁਤਾਬਿਕ ਬਿਨਾਂ ਵਜ੍ਹਾ ਦਬਾਅ ਪਾਉਣ ਖ਼ਾਤਰ ਇੱਕ ਦਿਨ ਇਹਨਾਂ ਨੇ ਬੀ.ਏ ਫਾਈਨਲ ਦੀ ਇੱਕ ਨੌਜਵਾਨ ਲੜਕੀ ਤੋਂ ਇਹ ਲਿਖਵਾ ਕੇ ਲੈ ਲਿਆ, ਕਿ ਪ੍ਰੋਫੈਸਰ ਧਰਮਜੀਤ ਮਾਨ ਕਲਾਸ ‘ਚ ਪੜਾਉਂਦਾ ਨਹੀਂ ਮਨੋਰੰਜਨ ਕਰਦਾ।ਦੂਜੇ ਦਿਨ ਮੈਨੂੰ ਇੱਕ ਦੋਸ਼ੀ ਵਾਂਗ ਇਹਨਾ ਤਿੰਨਾਂ ਨੇ ਦਫਤਰ ਬੁਲਾਇਆ, ਤਿੰਨਾਂ ਦੇ ਸਾਹਮਣੇ ਮੈਂ ਹੱਥ ਪਿੱਛੇ ਕਰਕੇ ਖੜਾ ਸੀ, ਜਿਵੇਂ ਕੋਈ ਦੋਸ਼ੀ ਹੋਵਾਂ। ਮੈਨੂੰ ਕਹਿੰਦੇ ਤੇਰੇ ਖਿਲਾਫ ਇੱਕ ਸ਼ਿਕਾਇਤ ਆਈ ਹੈ, ਇੱਕ ਲੜਕੀ ਨੇ ਕਿਹਾ ਵੀ ਤੁਸੀਂ ਕਲਾਸ ‘ਚ ਪੜ੍ਹਾਉਂਦੇ ਨਹੀਂ ਮਨੋਰੰਜਨ ਕਰਦੇ ਹੋ। ਸੁਣ ਕੇ ਬੜਾ ਅਜੀਬ ਲੱਗਿਆ, ਅਜਿਹੀ ਕੋਈ ਗੱਲ ਨਹੀਂ ਸੀ। ਇਹ ਗੱਲ ਬਣਾਈ ਗਈ ਸੀ , ਮੈਨੂੰ ਡਰਾਉਣ ਅਤੇ ਦਬਾਓਣ ਵਾਸਤੇ, ਆਪਣੇ ਸੁਭਾਅ ਮੁਤਾਬਿਕ ਮੈਂ ਪ੍ਰਸ਼ਨ ਪੁੱਛਿਆ, ਕਲਾਸ ‘ਚ ਤਾਂ 45 ਸਟੂਡੈਂਟ ਸੀ , ਫਿਰ ਇੱਕ ਦਾ ਮਨੋਰੰਜਨ ਕਿਵੇਂ ਹੋਇਆ।ਉੱਤਰ ਸੁਣ ਕੇ ਓਹ ਤਿੰਨੋ ਚੁੱਪ ਹੋ ਗਏ। ਸ਼ਾਇਦ ਉਹਨਾਂ ਨੂੰ ਅਜਿਹੇ ਜਵਾਬ ਦੀ ਉਮੀਦ ਨਹੀ ਸੀ। ਉਹਨਾਂ ਕੋਲ ਸਵਾਲ ਦਾ ਜਵਾਬ ਨਹੀਂ ਸੀ, ਅਖੀਰ ਉਹਨਾਂ ਦੀ ਗੱਲ ਸੁਣ ਕੇ ਮੈਂ ਦਫਤਰ ਤੋਂ ਬਾਹਰ ਆ ਗਿਆ। ਸਕੱਤਰ ਉਚੇਰੀ ਸਿੱਖਿਆ ਪੰਜਾਬ ਦਾ ਮੋਬਾਈਲ ਨੰਬਰ ਲੱਭਿਆ, ਉਹ ਆਈ.ਏ.ਐਸ ਅਫਸਰ ਸਨ। ਉਹਨਾਂ ਨੂੰ ਫੋਨ ਲਾਇਆ, ਸਾਰੀ ਗੱਲ ਦੱਸੀ, ਉਹਨਾਂ ਨੇ ਕਿਹਾ ਇੱਕ ਐਫੀਡੈਵਿਟ ਤੇ ਸ਼ਿਕਾਇਤ ਲਿਖ ਕੇ ਤਹਿਸੀਲਦਾਰ ਤੋਂ ਤਸਦੀਕ ਕਰਵਾ ਕੇ ਜਲਦ ਵਿਭਾਗ ਨੂੰ ਦਿਓ। ਓਸੇ ਦਿਨ ਦੁਪਿਹਰ ਬਾਅਦ ਮੈਂ ਇਹ ਸ਼ਿਕਾਇਤ ਡੀ.ਪੀ.ਆਈ ਦਫਤਰ ਮੋਹਾਲੀ ਦੇ ਦਿੱਤੀ। ਇਹ ਡੀ.ਪੀ.ਆਈ ਵੀ ਆਈ.ਏ.ਐਸ ਅਫਸਰ ਸਨ। ਮਾਮਲੇ ਦੀ ਜਾਂਚ ਸ਼ੁਰੂ ਹੋਈ, ਪਰ ਅੱਜ ਸੱਤ ਸਾਲ ਬੀਤ ਜਾਣ ਬਾਅਦ ਵੀ ਇਨਸਾਫ ਨਹੀਂ ਮਿਲਿਆ।ਉਚੇਰੀ ਸਿੱਖਿਆ ਵਿਭਾਗ ਦੇ ਅਫਸਰਾਂ ਨੂੰ ਕਈ ਚਿੱਠੀਆਂ ਲਿਖੀਆਂ, ਪਰ ਮਸਲੇ ਦੀ ਜਾਂਚ ਨਹੀਂ ਹੋਈ ਅਤੇ ਇਨਸਾਫ ਨਹੀਂ ਮਿਲਿਆ। ਫਿਰ ਵੀ ਕੋਸ਼ਿਸ਼ ਦੇ ਵਿੱਚ ਹਾਂ ਇਨਸਾਫ ਮਿਲੇ ਤਾਂ ਜੋ ਅਜਿਹੇ ਵਿਅਕਤੀ ਕਿਸੇ ਹੋਰ ਨਾਲ ਅਜਿਹਾ ਗਲਤ ਕੰਮ ਨਾ ਕਰ ਸਕਣ। ਜਿਸ ਨਾਲ ਕਿਸੇ ਬੇਕਸੂਰ ਨੂੰ ਬਿਨਾਂ ਗੁਨਾਹ ਦੋਸ਼ੀ ਬਣਾਇਆ ਜਾਂਦਾ ਹੋਵੇ।