ਮਲੇਰਕੋਟਲਾ 14 ਅਪ੍ਰੈਲ (ਅਸ਼ਵਨੀ ਕੁਮਾਰ) : ਲੰਘੀ ਰਾਤ ਦੇਰ ਗਏ ਸਥਾਨਕ ਰਵਿਦਾਸ ਮੰਦਰ ਵਿਖੇ ਮੁਸਲਿਮ ਤੇ ਦਲਿਤ ਭਾਈਚਾਰਿਆਂ ਵੱਲੋਂ ਸਾਂਝੇ ਤੌਰ ਤੇ ਇੱਕ ਈਦ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਜਮਾਅਤ ਇਸਲਾਮੀ ਹਿੰਦ ਦੇ ਸੂਬਾਈ ਮੁਖੀ (ਅਮੀਰੇ ਹਲਕਾ) ਜਨਾਬ ਮੁਹੰਮਦ ਨਜ਼ੀਰ ਨੇ ਜਿੱਥੇ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਅਤੇ ਈਦੁਲ ਫਿਤਰ ਦੇ ਤਿਉਹਾਰ ਦੀ ਧਾਰਮਿਕ ਮਹੱਤਤਾ ਬਾਰੇ ਵਿਸਥਾਰਤ ਚਰਚਾ ਕੀਤੀ ਤਾਂ ਜਮਾਅਤ ਦੇ ਹੀ ਇੱਕ ਹੋਰ ਆਗੂ ਸ਼ੀਰਾਜ਼ ਅਹਿਮਦ ਨੇ ਇਸਲਾਮ ਅਤੇ ਭਗਤ ਰਵਿਦਾਸ ਜੀ ਦੀਆਂ ਸਿਖਿਆਵਾਂ ਵਿੱਚ ਸਮਾਨਤਾਵਾਂ ਦਾ ਜ਼ਿਕਰ ਕਰਦਿਆਂ ਸਪਸ਼ਟ ਕੀਤਾ ਕਿ ਦੇਸ਼ ਦੇ ਵੱਖ ਵੱਖ ਵਰਗਾਂ ਦੀਆਂ ਸਾਂਝੀਆਂ ਸਿੱਖਿਆਵਾਂ ਦੇ ਆਧਾਰ ਤੇ ਸਮਾਜਿਕ ਭਲਾਈ ਦੇ ਪਰੋਗਰਾਮ ਉਲੀਕ ਕੇ ਸਮਾਜ ਨੂੰ ਵਧੀਆ ਸੋਚ ਦਿੱਤੀ ਜਾ ਸਕਦੀ ਹੈ ਪਰ ਅਜਿਹੇ ਕੰਮਾਂ ਲਈ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ।ਆਏ ਪਤਵੰਤਿਆਂ ਦੇ ਭਾਸ਼ਣਾਂ ਤੋਂ ਪਹਿਲਾਂ ਸ੍ਰੀ ਰਵਿਦਾਸ ਮੰਦਰ ਕਮੇਟੀ ਦੇ ਪ੍ਧਾਨ ਦਿਲਾਵਰ ਰਾਮ ਅਤੇ ਚੇਅਰਮੈਨ ਵਜ਼ੀਰ ਚੰਦ ਨੇ ਆਪਣੇ ਸਾਥੀਆਂ ਸਮੇਤ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਅੰਤ ਤੇ ਜਮਾਅਤ ਇਸਲਾਮੀ ਹਿੰਦ ਦੇ ਸਥਾਨਕ ਮੁਖੀ ਡਾ. ਮੁਹੰਮਦ ਇਰਸ਼ਾਦ ਨੇ ਆਏ ਪਤਵੰਤਿਆਂ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿੱਚ ਸ੍ਰੀ ਸੰਤ ਕੁਮਾਰ, ਨਿਰਮਲ ਕੁਮਾਰ, ਕਰਮਜੀਤ ਸਿੰਘ, ਇਸ਼ਤਿਆਕ਼ ਰਸ਼ੀਦ, ਚਮਕੌਰ ਸਿੰਘ ਅਤੇ ਚੌਧਰੀ ਯਾਮੀਨ ਦੇ ਨਾਂ ਜ਼ਿਕਰਯੋਗ ਹਨ। ਮੰਦਰ ਕਮੇਟੀ ਵੱਲੋਂ ਆਏ ਜਮਾਅਤ ਦੇ ਆਗੂਆਂ ਨੂੰ ਭਾਰਤ ਦਾ ਸੰਵਿਧਾਨ ਨਾ਼ਂ ਦੀ ਪੁਸਤਕ ਵੀ ਭੇਟ ਕੀਤੀ ਗਈ।