ਜਲੰਧਰ, 18 ਅਪ੍ਰੈਲ (ਰਾਜਨ ਜੈਨ – ਰੋਹਿਤ) : ਟੀ.ਬੀ. ਦੇ ਖਾਤਮੇ ਲਈ ਸਿਹਤ ਵਿਭਾਗ ਅਤੇ ਫਾਈਂਡ ਸੰਸਥਾ ਦੁਆਰਾ ਸਾਂਝੇ ਤੋਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਖਲਾਈ ਕੇਂਦਰ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਦੀ ਅਗਵਾਈ ਹੇਠ ਵੀਰਵਾਰ ਨੂੰ ਵੱਖ-ਵੱਖ ਬਲਾਕਾਂ ਦੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਲਈ ਜਿਲ੍ਹਾ ਪੱਧਰੀ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।ਟ੍ਰੇਨਿੰਗ ਸੈਸ਼ਨ ਦੌਰਾਨ ਡਾ. ਰੀਤੂ ਦਾਦਰਾ ਵਲੋਂ ਫਾਈਂਡ ਸੰਸਥਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟੀ.ਬੀ. ਇੰਮਪਲੀਮੈਂਟੇਸ਼ਨ ਫਰੇਮ ਵਰਕ (ਟੀਫਾ) ਐਗਰੀਮੈਂਟ ਤਹਿਤ “ਡਿਟੈਕ-ਟੀ.ਬੀ.” ਪ੍ਰੋਜੈਕਟ ਸੰਬੰਧੀ ਪੀ.ਪੀ.ਟੀ. ਰਾਹੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਚਨਾ ਅਤੇ ਡਾ. ਅਨੁਰਾਧਾ ਬਾਂਸਲ ਵੱਲੋਂ ਬੱਚਿਆਂ ਵਿੱਚ ਟੀ.ਬੀ. ਦੇ ਕੇਸਾਂ ਦੀ ਭਾਲ ਲਈ ਨਾਨ ਸਪੂਟਮ ਸੈਂਪਲ ਲੈਣ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਸੈਸ਼ਨ ਦੌਰਾਨ ਸਟੇਟ ਲੀਡ ਟੀਫਾ ਪ੍ਰੋਜੈਕਟ ਵਿਵੇਕ ਰਾਏ ਅਤੇ ਡਿਸਟ੍ਰਿਕ ਲੀਡ ਸੁਨੀਲ ਗੁਪਤਾ ਵੀ ਮੌਕੇ ‘ਤੇ ਮੌਜੂਦ ਸਨ।ਟ੍ਰੇਨਿੰਗ ਸੈਸ਼ਨ ਦੋਰਾਨ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਟੀ.ਬੀ. ਦਾ ਰੋਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ। ਇਸ ਰੋਗ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖੰਘ, ਸ਼ਾਮ ਸਮੇਂ ਹਲਕਾ ਬੁਖਾਰ, ਸਰੀਰ ਦਾ ਲਗਾਤਾਰ ਭਾਰ ਘੱਟਣਾ, ਥਕਾਵਟ ਅਤੇ ਭੁੱਖ ਘੱਟ ਲੱਗਣ ਦੀ ਸ਼ਿਕਾਇਤ ਹੋਵੇ ਤਾਂ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਪੋਸ਼ਟਿਕ ਖੁਰਾਕ ਦਾ ਸੇਵਨ ਕਰਨਾ ਅਤੇ ਰੋਜਾਨਾ ਵਰਜਿਸ਼ ਤੇ ਸੈਰ ਜਰੂਰ ਕਰਨੀ ਚਾਹੀਦੀ ਹੈ।ਛਾਤੀ ਰੋਗਾਂ ਦੇ ਮਾਹਿਰ ਡਾ. ਰਘੂ ਸੱਭਰਵਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਮਾਜ ਵਿੱਚ ਅਜੇ ਵੀ ਟੀ.ਬੀ. ਦੇ ਮਰੀਜਾਂ ਨੂੰ ਭੇਦਭਾਵ ਵਾਲੀ ਨਜਰ ਨਾਲ ਦੇਖਿਆ ਜਾਂਦਾ ਹੈ ਜਿਸ ਕਾਰਨ ਹੀਨ ਭਾਵਨਾ ਆਉਣ ਕਰਕੇ ਬਹੁਤ ਸਾਰੇ ਲੋਕ ਟੀ.ਬੀ. ਦਾ ਟੈਸਟ ਅਤੇ ਇਲਾਜ ਕਰਵਾਉਣ ਤੋਂ ਗੁਰੇਜ ਕਰਦੇ ਹਨ। ਉਨ੍ਹਾਂ ਕਿਹਾ ਕਿ ਆਸ਼ਾ ਅਤੇ ਏ.ਐਨ.ਐਮਜ਼ ਵੱਲੋਂ ਘਰ-ਘਰ ਜਾ ਕੇ ਟੀ.ਬੀ. ਦੀ ਬਿਮਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਦੂਰ ਕੀਤੀਆਂ ਜਾਣ ਅਤੇ ਲੋਕਾਂ ਨੂੰ ਟੀ.ਬੀ. ਅਤੇ ਇਸਦਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾਉਣ ਲਈ ਪ੍ਰੋਰਿਤ ਕੀਤਾ ਜਾਵੇ।