ਜਗਰਾਉਂ, 23 ਅਪ੍ਰੈਲ ( ਜਗਰੂਪ ਸੋਹੀ, ਧਰਮਿੰਦਰ)-ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਸਵੈਜੀਵਨੀ ” ਸਚੈ ਮਾਰਗਿ ਚਲਦਿਆ ” ਬੀਤੇ ਦਿਨੀਂ ਸਹੀਦ ਨਛਤਰ ਸਿੰਘ ਯਾਦਗਾਰ ਹਾਲ ਵਿਖੇ ਇਕ ਭਰਵੇਂ ਸਮਾਗਮ ਚ ਲੋਕ ਅਰਪਨ ਕੀਤੀ ਗਈl ਇਸ ਸਮੇਂ ਉਘੇ ਸਾਹਿਤਕਾਰ ਅਤੇ ਟਰੇਡ ਯੂਨੀਅਨ ਘੁਲਾਟੀਏ ਮਾਸਟਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਪਿਛਲੀ ਅੱਧੀ ਸਦੀ ਦੇ ਜਨਤਕ ਸਿਆਸੀ ਸੰਘਰਸਾਂ ਦੀ ਇਹ ਰਚਨਾ ਇਕ ਸਾਨਦਾਰ ਪਰਮਾਣਿਕ ਦਸਤਾਵੇਜ ਹੈl ਜਗਰਾਂਓ ਇਲਾਕੇ ਦੇ ਹਰ ਲੋਕ ਸੰਘਰਸ ਦੀ ਅਗਵਾਈ ਕਰਕੇ ਕੰਵਲਜੀਤ ਖੰਨਾ ਨੇ ਜਵਾਨੀ ਤੋ ਲੈ ਕੇ ਹੁਣ ਤਕ ਜੋ ਮੋਹਰੀ ਰੋਲ ਨਿਭਾਇਆ ਉਸ ਤੇ ਹਰ ਸੰਜੀਦਾ ਨਾਗਰਿਕ ਰਸ਼ਕ ਕਰਦਾ ਹੈ। ਸਾਨੂੰ ਮਾਣ ਹੈ ਕਿ 1972 ਦੇ ਮੋਗਾ ਵਿਦਿਆਰਥੀ ਅੰਦੋਲਨ ਤੋ ਲੈ ਕੇ 2022 ਦੇ ਇਤਿਹਾਸਕ ਕਿਸਾਨ ਅੰਦੋਲਨ ਤੱਕ ਦੇ ਪੰਜਾਹ ਸਾਲਾਂ ਦੇ ਸੰਘਰਸ ਨੂੰ ਕਲਮਬੱਧ ਕਰਕੇ ਕੰਵਲਜੀਤ ਖੰਨਾ ਨੇ ਨੌਜਵਾਨ ਪੀੜੀ ਲਈ ਲੋਕ ਵਿਰੋਧੀ ਸਕਤੀਆਂ ਨਾਲ ਜਥੇਬੰਦਕ ਤਾਕਤ ਵਜੋਂ ਟੱਕਰ ਲੈਣ ਦੀ ਜਾਚ ਦੱਸ ਕੇ ਸ਼ਾਨਦਾਰ ਕਾਰਜ ਕੀਤਾ ਹੈ l ਜਿੰਦਗੀ ਤੋ ਨਿਰਾਸ਼ ਹਾਸੀਆਗਰਸਤ ਲੋਕਾਂ ਨੂੰ ਜੀਵਨ ਚ ਸੰਘਰਸ ਰਾਹੀਂ ਅਨੇਕਾਂ ਵੇਰ ਸਾਥੀ ਖੰਨਾ ਨੇ ਡੂੱਘੀ ਦਲਦਲ ਚੋ ਕੱਢਿਆ ਹੈl ਉਨਾਂ ਕਿਹਾ ਕਿ ਜਗਰਾਂਓ ਇਲਾਕੇ ਚ ਹੋਰਨਾਂ ਸੰਘਰਸਾਂ ਦੇ ਨਾਲ ਨਾਲ ਖਾਸਤੋਰ ਤੇ ਕਿਸਾਨ ਸੰਘਰਸ ਚ ਸਾਥੀ ਖੰਨਾ ਦੀ ਉਸਾਰੂ ਭੂਮਿਕਾ ਦਾ ਮੈਂ ਚਸਮਦੀਦ ਗਵਾਹ ਰਿਹਾ ਹਾਂl ਇਸ ਸਮੇਂ ਚਰਚਿਤ ਸਾਹਿਤਕਾਰ ਅਜੀਤ ਪਿਆਸਾ,ਉਘੇ ਚਿੰਤਕ ਆਲੋਚਕ ਐਚ ਐਸ ਡਿੰਪਲ, ਪਰੱਸਿਧ ਕਵੀ ਗੁਰਜੀਤ ਸਹੋਤਾ, ਸਾਹਿਤਕਾਰ ਤੇ ਸਿਖਿਆ ਸਾਸਤਰੀ ਲੈਕਚਰਾਰ ਅਵਤਾਰ ਸਿੰਘ, ਸਾਹਿਤਕਾਰ ਤੇ ਬੀ ਪੀ ਈ ਓ ਸੁਖਦੇਵ ਹਠੂਰ, ਤਰਕਸੀਲ ਬਲਾਗਰ ਸੁਰਜੀਤ ਦੋਧਰ, ਤਰਕਸੀਲ ਆਗੂ ਕਰਤਾਰ ਸਿੰਘ ਵੀਰਾਨ ਨੇ ਸਾਥੀ ਖੰਨਾ ਵਲੋ ਰਚੀ ਇਸ ਜੀਵਨ ਇਤਿਹਾਸ ਤੇ ਡੂੰਘੀ ਖੁਸੀ ਦਾ ਇਜਹਾਰ ਕਰਦਿਆਂ ਮੁਬਾਰਕਬਾਦ ਦਿੱਤੀl