ਸਿੱਧਵਾਂਬੇਟ, 26 ਅਪ੍ਰੈਲ ( ਜਗਰੂਪ ਸੋਹੀ )- ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀ ਨੇ ਘਰ ’ਚ ਨਜਾਇਜ਼ ਸ਼ਰਾਬ ਤਿਆਰ ਕਰ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 50 ਬੋਤਲਾਂ ਨਜਾਇਜ਼ ਸ਼ਰਾਬ ਅਤੇ 5000 ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲੀਸ ਪਾਰਟੀ ਵੱਲੋਂ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਿੱਦੜਵਿੰਡੀ ਬੱਸ ਸਟੈਂਡ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਜਸਪਾਲ ਸਿੰਘ ਉਰਫ ਪਾਲੀ ਵਾਸੀ ਪਿੰਡ ਪਰਜੀਆਂ ਬਿਹਾਰੀਪੁਰ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦਾ ਹੈ। ਜਿਸ ਨੇ ਨਜਾਇਜ਼ ਸ਼ਰਾਬ ਕੱਢਣ ਲਈ ਆਪਣੇ ਘਰ ਵਿੱਚ ਲਾਹਣ ਪਾਇਆ ਹੋਇਆ ਹੈ ਅਤੇ ਨਜਾਇਜ਼ ਸ਼ਰਾਬ ਵੀ ਤਿਆਰ ਕਰਕੇ ਰੱਖੀ ਹੋਈ ਹੈ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਜਸਪਾਲ ਸਿੰਘ ਦੇ ਘਰ ਛਾਪਾ ਮਾਰ ਕੇ ਮੌਕੇ ’ਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 5000 ਲੀਟਰ ਲਾਹਣ ਬਰਾਮਦ ਕੀਤੀ। ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿਖੇ ਜਸਪਾਲ ਸਿੰਘ ਉਰਫ਼ ਪਾਲੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ।