ਭਾਈ ਅੰਮ੍ਰਿਤਪਾਲ ਸਿੰਘ ਅਤੇ ਚੋਣਾਂ
ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਅਚਾਨਕ ਸੁਰਖੀਆਂ ਵਿੱਚ ਆਏ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਭਰ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਅਮਿ੍ਰਤ ਛਕ ਕੇ ਸਿੰਘ ਸਜਣ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਗਿਆ ਤਾਂ ਉਨ੍ਹਾਂ ਦੀ ਇਹ ਧਾਰਮਿਕ ਮੁਹਿੰਮ ਦੇਖਦੇ ਹੀ ਦੇਖਦੇ ਦੇਸ਼ ਵਿਦੇਸ਼ ਵਿਚ ਚਰਚਾ ਦਾ ਵਿਸ਼ਾ ਬਣ ਗਈ। ਪੰਜਾਬ ਦੇ ਖਾਸਕਰ ਨੈਜਵਾਨਾਂ ਦਾ ਭਾਈ ਅਮਿ੍ਰਤਪਾਲ ਸਿੰਘ ਵੱਲ ਆਕ੍ਰਸ਼ਿਤ ਹੋਣ ਨਾਲ ਸਰਕਾਰਾਂ ਅਤੇ ਏਜੰਸੀਆਂ ਨੇ ਕੰਨ ਕੜ੍ਹੇ ਕਰ ਲਏ ਅਤੇ ਭਾਈ ਅਮਿ੍ਰਤਪਾਲ ਸਿੰਘ ਨੂੰ ਦੂਸਰੇ ਸੰਤ ਭਿੰਡਰਾਂਵਾਲੇ ਦੇ ਰੂਪ ਵਿਚ ਦੇਖਣਾ ਸ਼ੁਰੂ ਕਰ ਦਿਤਾ। ਹਾਲਾਤ ਅਜਿਹੇ ਬਣ ਗਏ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਵਿਰੁੱਧ ਐਨਐਸਏ ਵਰਗਾ ਖਤਰਨਾਕ ਕਾਨੂੰਨ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ, ਅਸਾਮ ਵਿੱਚ ਭੇਜ ਦਿੱਤਾ ਗਿਆ। ਉਥੇ ਐਨਐਸਏ ਦੀ ਇੱਕ ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਫਿਰ ਤੋਂ ਭਾਈ ਅਮਿ੍ਰਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਐਨਐਸਏ ਲਗਾ ਦਿੱਤਾ ਗਿਆ ਤਾਂ ਜੋ ਉਹ ਜਲਦੀ ਬਾਹਰ ਨਾ ਆ ਸਕਣ। ਹੁਣ ਦੇਸ਼ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਤਾਂ ਅਚਾਨਕ ਭਾਈ ਅਮਿ੍ਰਤਪਾਲ ਸਿੰਘ ਦੇ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਤੌਰ ਤੇ ਲੋਕ ਸਭਾ ਚੋਣਾਂ ਲੜਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੌਮ ਦੇ ਜਿਆਦਾਤਰ ਬੁੱਧੀਜੀਵੀਆਂ ਦੀ ਹਮਦਰਦੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੈ। ਹੁਣ ਇਸ ਮਾਮਲੇ ’ਤੇ ਇੱਕ ਵੱਡਾ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਤਰੀਕੇ ਨਾਲ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਬਣਾਏ ਜਾ ਰਹੇ ? ਭਾਈ ਅੰਮ੍ਰਿਤਪਾਲ ਸਿੰਘ ਵਲੋਂ ਧਾਰਮਿਕ ਪ੍ਰਚਾਰ ਕਾਰਨ ਥੋੜੇ ਹੀ ਸਮੇਂ ਵਿਚ ਜਿਸ ਤਰ੍ਹਾਂ ਉਨ੍ਹਾਂ ਦੀ ਲੋਕਪ੍ਰਿਅਤਾ ਵਿਚ ਵਾਧਾ ਹੋਇਆ ਸੀ ਉਹ ਆਪਣੀ ਚਰਮ ਸੀਮਾ ’ਤੇ ਪਹੁੰਚ ਗਿਆ ਸੀ ਅਤੇ ਨੌਜਵਾਨ ਵਰਗ ਉਨ੍ਹਾਂ ਦੇ ਵਿਚਾਰ ਸੁਣਨ ਲਈ ਆਪ ਮੁਹਾਰੇ ਪਹੁੰਚਦੇ ਸਨ ਅਤੇ ਉਨ੍ਹਾਂ ਦੀ ਆਖੀ ਹੋਈ ਗੱਲ ਦਾ ਅਸਰ ਵੀ ਦਿਖਾਈ ਦੇਣ ਲੱਗਾ ਸੀ। ਭਾਵੇਂ ਉਹ ਲੰਮੇ ਸਮੇਂ ਤੋਂ ਨਜ਼ਰਬੰਦ ਹਵ ਪਰ ਉਸਦੇ ਬਾਵਜੂਦ ਵੀ ਪੰਜਾਬ ਵਿੱਚ ਅਕਸਰ ਹੀ ਉਸ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਜਦੋਂ ਉਹ ਕਾਨੂੰਨ ਤਹਿਤ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹ ਆਪਣੀ ਪਹਿਲਾਂ ਵਾਲੀ ਧਾਰਮਿਕ ਮੁਹਿੰਮ ਨੂੰ ਨਿਰੰਤਰ ਜਾਰੀ ਰੱਖ ਸਕਦੇ ਹਨ। ਇਸ ਲਈ ਚੋਣ ਲੜਣ ਲਈ ਉਕਸਾ ਕੇ ਮੈਦਾਨ ਵਿਚ ਖੜ੍ਹਏ ਕਰ ਦੇਣ ਪਿੱਛੇ ਕੋਈ ਅਦਿੱਖ ਸ਼ਕਤੀ ਤਾਂ ਕੰਮ ਨਹੀਂ ਕਰ ਰਹੀ ਵਇਹ ਜਰੂਰ ਵਿਚਾਰਨ ਦਾ ਵਿਸ਼ਾ ਹੈ । ਇਹ ਆਮ ਸੰਭਾਵਨਾ ਹੈ ਕਿ ਭਾਈ ਅਮਿ੍ਰਤਪਾਲ ਸਿੰਘ ਜੇਕਰ ਚੋਣ ਮੈਦਾਨ ਵਿਚ ਖੜ੍ਹ ਜਾਂਦੇ ਹਨ ਤਾਂ ਪੰਥ ਵਿਰੋਧੀ ਸ਼ਕਤੀਆਂ ਇੱਕਠੀਆਂ ਹੋ ਕੇ ਉਸਦੇ ਖਿਲਾਫ ਖੜ੍ਹਨਗੀਆਂ ਅਤੇ ਚੋਣ ਨਤੀਜਿਆਂ ਤੋਂ ਬਾਅਦ ਉਸਨੂੰ ਇੱਕ ਹੀਰੋ ਤੋਂ ਜ਼ੀਰੋ ਐਲਾਨ ਦਿੱਤਾ ਜਾਵੇਗਾ ਤਾਂ ਜੋ ਅੱਦੇ ਭਵਿੱਖ ਵਿਚ ਕੌਮ ਦਾ ਸਾਹਮਣਾ ਹੀ ਨਾ ਕਰ ਸਕਣ। ਤੁਹਾਨੂੰ ਯਾਦ ਹੋਵੇਗਾ ਕਿ ਸਿੱਖ ਨਸਲਕੁਸ਼ੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਮੌਤ ਅੱਜ ਤੱਕ ਸਭ ਤੋਂ ਵੱਡੀ ਪਹੇਲੀ ਬਣੀ ਹੋਈ ਹੈ। ਜਸਵੰਤ ਸਿੰਘ ਖਾਲੜਾ ਦਾ ਸਿੱਖ ਭਾਈਚਾਰੇ ਦੇ ਦਿਲਾਂ ਵਿਚ ਬਹੁਤ ਸਤਿਕਾਰਯੋਗ ਸਥਾਨ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਸਿੱਖ ਜਥੇਬੰਦੀਆਂ ਵਲੋਂ ਉਕਸਾ ਕੇ ਚੋਣ ਲੜਾ ਦਿਤੀ ਗਈ ਪਰ ਉਨ੍ਹਾਂ ਦੀ ਨਿਰਾਸ਼ਾਜਨਕ ਹਾਰ ਹੋਈ। ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਣ ਸੰਬੰਧੀ ਪੰਜਾਬ ਦੇ ਕਾਲੇ ਦੌਰ ’ਚ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਤਿੰਦਰ ਪਾਲ ਸਿੰਘ ਦੀ ਜੇਲ ਤੋਂ ਚੋਣ ਲੜਕੇ ਨੂੰ ਰਿਕਾਰਡ ਵੋਟਾਂ ’ਤੇ ਜਿਤਾਉਣ ਦੀ ਦਲੀਲ ਦਿਤੀ ਜਾ ਰਹੀ ਹੈ। ਦੱਸ ਦੇਈਏ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਤਿੰਦਰ ਪਾਲ ਸਿੰਘ ਨੇ ਜੇਲ ਤੋਂ ਚੋਣ ਲੜੀ ਸੀ ਤਾਂ ਉਸ ਸਮੇਂ ਹੋਰ ਹਾਲਾਤ ਸਨ। ਪਰ ਇਸ ਸਮੇਂ ਪੰਥ ਵਿਰੋਧੀ ਸ਼ਕਤੀਆਂ ਵਧੇਰੇ ਪਾਵਰਫੁੱਲ ਹਨ। ਜਿਸ ਵਿਚ ਸਾਡੇ ਆਪਣੇ ਹੀ ਵਧੇਰੇ ਸ਼ਾਮਲ ਹੋ ਚੁੱਕੇ ਹਨ। ਜੋ ਕੌਮ ਦੀ ਹਰ ਸਮੇਂ ਪਿੱਠ ਲਗਾਉਣ ਲਈ ਤੱਤਪਰ ਰਹਿੰਦੇ ਹਨ। ਇਸ ਲਈ ਅਜਿਹੇ ਹਾਲਾਤਾਂ ਵਿਚ ਭਾਈ ਅਮਿ੍ਰਤਪਾਲ ਸਿੰਘ ਦਾ ਚੋਣ ਮੈਦਾਨ ਵਿਚ ਉਤਰਨਾ ਸਹੀ ਨਹੀਂ ਹੈ। ਜੇਕਰ ਭਾਈ ਅਮਿ੍ਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਦੇ ਹਨ ਅਤੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਦੀ ਧਾਰਮਿਕ ਲਹਿਰ ਹੇਠਲੇ ਪੱਧਰ ਤੱਕ ਸਿਮਟ ਜਾਵੇਗੀ। ਜਿਸ ਤਰੀਕੇ ਨਾਲ ਉਹ ਕੰਮ ਨੂੰ ਇਕਜੁੱਟ ਕਰਕੇ ਗੁਰੂ ਸਾਹਿਬ ਨਾਲ ਜੋੜਣ ਦਾ ਕੰਮ ਕਰ ਰਹੇ ਸਨ ਉਹ ਲੜੀ ਬਿਖਰ ਜਾਵੇਗੀ। ਉਨ੍ਹਾਂ ਦੀ ਰਾਜਨੀਤਿਕ ਹਾਰ ਉਨ੍ਹਾਂ ਦੀ ਧਾਰਮਿਕ ਲਹਿਰ ਦੁਬਾਰਾ ਸ਼ੁਰੂ ਕਰਨ ਵਿੱਚ ਵੱਡਾ ਅੜਿੱਕਾ ਬਣੇਗੀ। ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਵਿਚਾਰ ਛੱਡ ਕੇ ਆਪਣੇ ਧਾਰਮਿਕ ਮਿਸ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲੀ ਲਹਿਰ ਹੀ ਅੱਗਲੇ ਮਿਸ਼ਨ ਨਾਲ ਜੋੜਣਾ ਚਾਹੀਦਾ ਹੈ। ਜੇਕਰ ਤੁਹਾਨੂੰ ਗੁਰੂ ਸਾਹਿਬ ਵਲੋਂ ਧਰਮ ਦੇ ਮਾਰਗ ਤੇ ਅੱਗੇ ਵਧਾਇਆ ਹੈ ਤਾਂ ਇਹ ਦੁਨਿਆਵੀ ਫੋਕੀਆਂ ਸਰਦਾਰੀਆਂ ਵੱਲ ਨਾ ਜਾਓ। ਇਹ ਤੁਹਾਨੂੰ ਧਾਰਮਿਕ ਮਿਸ਼ਨ ਤੋਂ ਲਾਂਭੇ ਕਰਨ ਦੀ ਵੱਡੀ ਚਾਲ ਵੀ ਹੋ ਸਕਦੀ ਹੈ। ਇਸ ਲਈ ਜੇਲ ਤੋਂ ਚੋਣ ਲੜਨ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਤੇ ਵੀ ਵਿਚਾਰ ਜਰੂਰ ਕਰਨੀ ਚਾਹੀਦੀ ਹੈ ਕਿ ਤੁਹਾਡੇ ਖਿਲਾਫ ਐਨਐਸਏ ਲਗਾ ਕੇ ਜੇਲ ਵਿਚ ਨਜ਼ਰਬੰਦ ਕਰਨ ਤੋਂ ਬਾਅਦ ਕਿੰਨੇ ਸਿੱਖ ਬੁੱਧੀਜੀਵੀਆਂ ਨੇ ਤੁਹਾਡੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਕਿਥੇ ਕਿਥੇ ਕੌਮ ਦੇ ਆਗੂਆਾਂ ਨੇ ਸਡਕਾਂ ਜਾਮ ਕੀਤੀਆਂ, ਧਰਨੇ ਲਗਾਏ ਅਤੇ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ? ਜੇਕਰ ਉਸ਼ ਸਮੇਂ ਇਹ ਵੱਡਾ ਬੁੱਧੀਜੀਵੀ ਕਹਾਉਣ ਵਾਲਾ ਵਰਗ ਤੁਹਾਡੇ ਲਈ ਸਾਹਮਣੇ ਨਹੀਂ ਆਇਆ ਤਾਂ ਚੋਣਾਂ ਵਿਚ ਤੁਸੀਂ ਕੀ ਉਮੀਦ ਰੱਖੋਗੇ ? ਇਨਾਂ ਗੱਲਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਫੈਸਲਾ ਲੈਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ।