ਬਠਿੰਡਾ (ਭੰਗੂ) ਐਤਵਾਰ ਦੁਪਹਿਰ ਸਥਾਨਕ ਗ੍ਰੀਨ ਪੈਲੇਸ ਵਿਖੇ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਚੋਣ ਰੈਲੀ ਦੌਰਾਨ ਅਕਾਲੀ ਦਲ ਦੇ ਵਰਕਰ ਆਪਸ ‘ਚ ਭਿੜ ਗਏ। ਪਿੱਛੇ ਬੈਠੇ ਨੌਜਵਾਨਾਂ ਦੇ ਆਪਸ ‘ਚ ਲੜਨ ਦਾ ਕਾਰਨ ਕਿਸੇ ਨੂੰ ਪਤਾ ਨਹੀਂ ਸੀ ਪਰ ਹਾਲ ‘ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਯੂਥ ਅਕਾਲੀ ਦਲ ਦੇ ਆਗੂਆਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਪਾਸਿਆਂ ਤੋਂ ਨੌਜਵਾਨਾਂ ਨੂੰ ਬਾਹਰ ਕੱਢ ਕੇ ਮਾਹੌਲ ਸ਼ਾਂਤ ਕੀਤਾ।ਜ਼ਿਕਰਯੋਗ ਹੈ ਕਿ ਗਰੀਨ ਪੈਲੇਸ ਵਿਖੇ ਯੂਥ ਅਕਾਲੀ ਦਲ ਵੱਲੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਰੈਲੀ ਦਾ ਪ੍ਰੰਬਧ ਕੀਤਾ ਗਿਆ ਸੀ। ਇਸ ਰੈਲੀ ‘ਚ ਯੂਥ ਅਕਾਲੀ ਦਲ ਵੱਲੋਂ ਨੌਜਵਾਨਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ ਪਰ ਇਸ ਤੋਂ ਪਹਿਲਾਂ ਕਿ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਰੈਲੀ ‘ਚ ਪਹੁੰਚਦੇ, ਪਿਛਲੇ ਪਾਸੇ ਬੈਠੇ ਨੌਜਵਾਨ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵੇਂ ਪਾਸਿਓਂ ਕੁਰਸੀਆਂ ਸੁੱਟੀਆਂ ਗਈਆਂ। ਪੂਰੇ ਹਾਲ ‘ਚ ਹਫੜਾ-ਦਫੜੀ ਮਚ ਗਈ। ਸਟੇਜ ‘ਤੇ ਮੌਜੂਦ ਅਕਾਲੀ ਆਗੂ ਦੌੜ ਕੇ ਉਨ੍ਹਾਂ ਕੋਲ ਆਏ ਤੇ ਬੜੀ ਮੁਸ਼ਕਲ ਨਾਲ ਨੌਜਵਾਨਾਂ ਨੂੰ ਸ਼ਾਂਤ ਕਰਕੇ ਹਾਲ ਤੋਂ ਬਾਹਰ ਭੇਜ ਦਿੱਤਾ। ਹਾਲ ਦੇ ਬਾਹਰ ਵੀ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਰੋਬਿਨ ਬਰਾੜ ਤੇ ਹੋਰ ਆਗੂਆਂ ਨੂੰ ਇਨ੍ਹਾਂ ਨੌਜਵਾਨਾਂ ਨੂੰ ਸ਼ਾਂਤ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ।