ਅੰਮ੍ਰਿਤਸਰ 29 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅੱਜ ਵਰਨੇਬਿਲਟੀ ਸਬੰਧੀ ਹਲਕਾ 019-ਅੰਮ੍ਰਿਤਸਰ ਦੱਖਣੀ ਦੇ ਸਹਾਇਕ ਰਿਟਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਸੁਰਿੰਦਰ ਸਿੰਘ ਵੱਲੋਂ ਇੱਕ ਮੀਟਿੰਗ ਨਗਰ ਨਿਗਮ ਦਫ਼ਤਰ ਰਣਜੀਤ ਐਵੀਨਿਊ ਵਿਖੇ ਕੀਤੀ ਗਈ, ਜਿਸ ਵਿੱਚ ਹਲਕਾ ਦੱਖਣੀ ਦੇ ਏ.ਸੀ.ਪੀ ਮਨਿੰਦਰਪਾਲ ਸਿੰਘ, ਐਸ.ਐਚ.ਓ ਥਾਣਾ ਸੁਲਤਾਨਵਿੰਡ ਅਤੇ ਥਾਣਾ ਸੀ-ਡਵੀਜ਼ਨ ਸਮੇਤ ਸਮੂਹ ਸੈਕਟਰ ਸੁਪਰਵਾਈਜ਼ਰ 019 ਅੰਮ੍ਰਿਤਸਰ ਦੱਖਣੀ ਨੇ ਭਾਗ ਲਿਆ। ਜਿਸ ਵਿੱਚ ਵਧੀਕ ਕਮਿਸ਼ਨਰ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਲਕੇ ਵਿੱਚ ਵਰਨੇਬਿਲਟੀ ਸਬੰਧੀ ਪੋਲਿੰਗ ਬੂਥਾਂ ਦੀ ਸ਼ਨਾਖਤ ਕਰਕੇ ਚੰਗੀ ਤਰ੍ਹਾਂ ਆਪਸੀ ਤਾਲਮੇਲ ਨਾਲ ਚੈਕਿੰਗ ਕਰਨ ਲਈ ਕਿਹਾ ਗਿਆ ਅਤੇ ਸ਼ਾਂਤ ਪੂਰਵਕ ਢੰਗ ਨਾਲ ਚੋਣਾਂ ਨੂੰ ਸੰਪੰਨ ਕਰਨ ਲਈ ਕਿਹਾ ਗਿਆ। ਏ.ਸੀ.ਪੀ ਨਿੰਦਰਪਾਲ ਸਿੰਘ ਨੇ ਕਿਹਾ ਕਿ ਨਾਜੁਕ ਹਲਕਿਆਂ ਦੀ ਉਨ੍ਹਾਂ ਵੱਲੋਂ ਅਤੇ ਉਨ੍ਹਾਂ ਦੇ ਅਫਸਰ ਸਾਹਿਬਾਨ ਵੱਲੋਂ ਚੰਗੀ ਤਰ੍ਹਾਂ ਚੈਕਿੰਗ ਕਰ ਲਈ ਗਈ ਹੈ। ਇਸ ਮੌਕੇ ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਸਭ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਨਾਜੁਕ ਬੂਥਾਂ ਵਾਲੇ ਇਲਾਕਿਆ ਵਿੱਚ ਬਿਨ੍ਹਾਂ ਕਿਸੇ ਡਰ ਭੈਅ ਦੇ ਵੋਟਾਂ ਪਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਵੋਟ ਪ੍ਰਤੀਸ਼ਤਤਾ ਹੋ ਸਕੇ। ਇਸ ਮੌਕੇ ਐਕਸੀਅਨ ਭਲਿੰਦਰ ਸਿੰਘ, ਐਕਸੀਅਨ ਸਤਿੰਦਰਪਾਲ ਸਿੰਘ ਅਤੇ ਸਮੂਹ ਸੈਕਟਰ ਸੁਪਰਵਾਈਜ਼ਰਾਂ ਨੇ ਵਰਨੇਬਿਲਟੀ ਬੂਥਾਂ ਤੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕਰਨ ਦਾ ਪ੍ਰਣ ਕੀਤਾ।ਇਸ ਮੌਕੇ ਏ.ਈ.ਆਰ.ਓ-1 ਮੇਹਰਬਾਨ ਸਿੰਘ, ਐਮ.ਟੀ.ਪੀ, ਏ.ਈ.ਆਰ.ਓ-2 ਗੁਰਜਿੰਦਰ ਸਿੰਘ ਐਕਸੀਅਨ, ਇਲੈਕਸ਼ਨ ਇੰਚਾਰਜ ਸੰਜੀਵ ਕਾਲੀਆ ਅਤੇ ਰਾਜਵਿੰਦਰ ਸਿੰਘ ਇਲੈਕਸ਼ਨ ਕਾਨੂੰਨਗੋ ਹਾਜ਼ਰ ਸਨ।