ਮਾਲੇਰਕੋਟਲਾ 1 ਮਈ ( ਸੰਜੀਵ ਗੋਇਲ, ਅਨਿਲ ਕੁਮਾਰ) – ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਡਾ. ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲੋਕ ਸਭਾ ਚੋਣਾ-2024 ਦੌਰਾਨ ਨੌਜਵਾਨਾਂ ਅਤੇ ਯੋਗ ਵੋਟਰਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਲਗਾਤਾਰ ਸਵੀਪ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਾਂ ਦਾ ਤਿਉਹਾਰ ਕਾਰਗਰ ਸਿੱਧ ਹੋ ਸਕੇ ।ਇਸੇ ਕੜੀ ਤਹਿਤ ਇਸਲਾਮੀਆ ਗਰਲਜ਼ ਕਾਲਜ ਮਾਲੇਰਕੋਟਲਾ ਵਿਖੇ ਆਯੋਜਿਤ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦੌਰਾਨ ਸਥਾਨਕ ਸਵੀਪ ਨੋਡਲ ਅਫ਼ਸਰ ਰਾਸਦਾ ਅਤੇ ਸਹਾਇਕ ਨੋਡਲ ਅਫ਼ਸਰ ਸਬੀਨਾ ਖਾਨ ਦੇ ਉੱਦਮ ਸਦਕਾ ਵੱਖ ਵੱਖ ਸਵੀਪ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।ਕਾਲਜ ਦੇ ਪ੍ਰਿੰਸੀਪਲ ਰਾਹੁਲ ਖਾਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨ ਅੱਗੇ ਆ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ । ਕਿਸੇ ਵੀ ਦੇਸ਼ ਦੀ ਸਥਿਰਤਾ ਲਈ ਨੌਜਵਾਨ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ । ਦੇਸ਼ ਦੇ ਉੱਜਵਲ ਭਵਿੱਖ ਲਈ ਸਥਿਰ ਤੇ ਯੋਗ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਵੋਟ ਦੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਆਪਣੇ ਰਿਸ਼ਤੇਦਾਰਾਂ,ਦੋਸਤਾਂ-ਮਿੱਤਰਾਂ,ਆਦਿ ਨੂੰ ਵੀ ਇਸ ਦੇ ਇਸਤੇਮਾਲ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
ਉਨ੍ਹਾਂ ਹੋਰ ਕਿਹਾ ਕਿ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਇਸ ਦੀ ਸਕਾਰਾਤਮਕ ਵਰਤੋ ਕਰਦੇ ਹੋਏ ਤੁਸੀਂ ਆਪਣੇ ਸੋਸ਼ਲ ਮੀਡੀਆ ਗਰੁੱਪਾਂ ਰਾਹੀ ਲੋਕਤੰਤਰ ਦੇ ਤਿਉਹਾਰ ਲੋਕ ਸਭਾ ਦੀਆਂ ਚੋਣਾਂ ਜੋ ਕਿ 1 ਜੂਨ 2024 ਨੂੰ ਪੰਜਾਬ ਵਿੱਚ ਹੋਣੀਆਂ ਹਨ, ਆਪਣੀ ਵੋਟ ਦੀ ਵਰਤੋ ਜਾਗਰੂਕ ਹੋ ਕੇ ਕਰਨ ਦੇ ਨਾਲ- ਨਾਲ ਆਪਣੀ ਇਸ ਆਵਾਜ਼ ਨੂੰ ਲੋਕਾਂ ਤੱਕ ਵੀ ਪਹੁੰਚਾਓ।ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਅਮਨ ਰਸ਼ੀਦ ਨੇ ਇਸ ਮੌਕੇ ਉਚੇਚੇ ਤੌਰ ਤੇ ਆਪਣੇ ਵਿਦਿਆਰਥਣ ਸਾਥਣਾਂ ਨੂੰ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਾਨੂੰ ਬਹੁਤ ਸੋਚ ਸਮਝ ਕੇ ਬਿਨਾਂ ਕਿਸੇ ਲਾਲਚ, ਡਰ, ਧਰਮ ਆਦਿ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਣੇ ਵੋਟ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਚੰਗੀ ਸਰਕਾਰ ਦਾ ਨਿਰਮਾਣ ਕਰਨ ਵਿੱਚ ਸਹਿਯੋਗ ਦੇ ਸਕਦੇ ਹਾਂ। ਜ਼ਿਲ੍ਹਾ ਸਵੀਪ ਟੀਮ ਦੇ ਸਹਿਯੋਗ ਨਾਲ ਕਾਲਜ ਵਿੱਚ ਰੱਖਿਆ ਸੈਲਫੀ ਸਟੈਂਡ ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਵਿਦਾਇਗੀ ਪਾਰਟੀ ਸਮੇਂ ਸਟਾਫ਼ ਅਤੇ ਵਿਦਿਆਰਥੀਆਂ ਨੇ ਸੈਲਫੀ ਸਟੈਂਡ ਤੇ ਬਹੁਤ ਉਤਸ਼ਾਹ ਨਾਲ ਸੈਲਫੀ ਕਰਵਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦਿਆ ਫੇਸਬੁੱਕ,ਇੰਸਟਾਲ ਆਦਿ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਮਦਦ ਨਾਲ ਯੋਗ ਵੋਟਰਾਂ ਨੂੰ ਵੋਟ ਪਾਉਣ ਦਾ ਸੰਦੇਸ਼ਾ ਦੇ ਕੇ ਲੋਕ ਲਹਿਰ ਪੈਦਾ ਕਰਨ ਦਾ ਸਾਰਥਕ ਉਪਰਾਲਾ ਆਰੰਭਿਆ।