ਮੁੱਲਾਂਪੁਰ, 2 ਮਈ ( ਧਰਮਿੰਦਰ, ਮੋਹਿਤ ਜੈਨ) -ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਇੱਕ ਰੋਜ਼ਾ ਸੈਮੀਨਾ ਗਲਰ ਕਰਵਾਇਆ ਗਿਆ ਜਿਸ ਵਿੱਚ ਮਲੇਰੀਏ ਦੇ ਫ਼ੈਲਣ ਦੇ ਕਾਰਨ, ਲੱਛਣ, ਪ੍ਰਭਾਵ ਅਤੇ ਰੋਕਥਾਮ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਹੈਲਥ ਸੁਪਰਵਾਈਜਰ ਲਖਬੀਰ ਸਿੰਘ ਹੁਰਾਂ ਦੱਸਿਆ ਕਿ ਮਲੇਰੀਆ ਬੁਖ਼ਾਰ ਮਾਦਾ ਐਨਾਫਿਲੀਜ਼ ਮੱਛਣ ਦੇ ਕੱਟਣ ਨਾਲ਼ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਰਾਤ ਤੇ ਤੜਕੇ (ਵੇਲ਼ੇ) ਕੱਟਦੇ ਹਨ। ਮਲੇਰੀਏ ਦੇ ਪ੍ਰਮੁੱਖ ਲੱਛਣ ਜਿਵੇਂ ਠੰਢ ਅਤੇ ਕਾਂਬੇ ਨਾਲ਼ ਬੁਖ਼ਾਰ ਦਾ ਹੋਣਾ, ਤੇਜ਼ ਬੁਖ਼ਾਰ ਅਤੇ ਸਿਰ ਦਰਦ ਹੋਣਾ, ਬੁਖ਼ਾਰ ਉਤਾਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣੀ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਹਨ। ਇਸੇ ਤਰ੍ਹਾਂ ਮਲੇਰੀਆ ਬੁਖ਼ਾਰ ਤੋਂ ਬਚਾਅ ਲਈ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਇਨ੍ਹਾਂ ਨੂੰ ਮਿੱਟੀ ਨਾਲ਼ ਭਰ ਦਿਓ। ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਣ ਕੱਟ ਨਾ ਸਕੇ। ਧਿਆਨ ਰਹੇ ਕਿ ਸੌਣ ਵੇਲ਼ੇ ਮੱਛਰਦਾਨੀ, ਮੱਛਰ ਭਜਾਉਣ ਵਾਲ਼ੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕੀਤਾ ਜਾਵੇ। ਇਹ ਵੀ ਯਾਦ ਰੱਖੋ ਕਿ ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ। ਬੁਖ਼ਾਰ ਹੋਣ ‘ਤੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਮਲੇਰੀਏ ਦੀ ਜਾਂਚ ਜ਼ਰੂਰ ਕਰਵਾਓ। ਮਲੇਰੀਏ ਦਾ ਟੈਸਟ ਅਤੇ ਇਲਾਜ ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ਹੁਰਾਂ ਹੈਲਥ ਸੁਪਰਵਾਈਜਰ ਲਖਬੀਰ ਸਿੰਘ ਅਤੇ ਆਸ਼ਾ ਵਰਕਰ ਜਸਵੀਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਜ਼ਰੂਰੀ ਹਨ, ਜੋ ਸਿਹਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਦੇ ਹਨ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ, ਮੈਡਮ ਅਮਨਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਜੀਤ ਕੌਰ, ਆਂਗਣਵਾੜੀ ਵਰਕਰ ਹਰਜੀਤ ਕੌਰ ਭੋਡੀਪੁਰ, ਪਵਨਪ੍ਰੀਤ ਕੌਰ ਮੂਸੇਵਾਲ, ਬੀਬੀ ਮਹਿੰਦਰ ਕੌਰ, ਬੀਬੀ ਬਲਵਿੰਦਰ ਕੌਰ,ਬੀਬੀ ਦਰਸ਼ਨਾਂ ਅਤੇ ਬੀਬੀ ਸਰਬਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।