ਲੁਧਿਆਣਾ, 5 ਮਈ ( ਅਨਿਲ ਕੁਮਾਰ, ਸੰਜੀਵ ਗੋਇਲ ) – ਜੇਲ੍ਹ ਪ੍ਰਸ਼ਾਸ਼ਨ ਵੱਲੋਂ ਐਨ.ਜੀ.ਓ ਜੀਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਤਾਜਪੁਰ ਰੋਡ, ਜਨਾਨਾ ਸੈਂਟਰਲ ਜੇਲ੍ਹ ਵਿਖੇ ਮਹਿਲਾ ਕੈਦੀਆਂ ਲਈ 30 ਰੋਜ਼ਾ ਸਿਲਾਈ ਸਿਖਲਾਈ ਦਿੱਤੀ ਗਈ।
ਇਸ ਮੌਕੇ ਜੀਤ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰ ਕੌਰ ਅਤੇ ਵਿੱਤ ਸਕੱਤਰ ਜੀ.ਪੀ. ਸਿੰਘ ਨੇ ਜੇਲ੍ਹ ਦੇ ਕੈਦੀਆਂ ਨੂੰ ਸਕਾਰਾਤਮਕ ਰਹਿਣ ਅਤੇ ਸਵੈ-ਨਿਰਭਰ ਹੋਣ ਲਈ ਸਿਖਲਾਈ ਲੈਣ ਦੀ ਸਲਾਹ ਦਿੱਤੀ।
ਮਹਿਲਾ ਜੇਲ ਸੁਪਰੀਡੈਂਟ ਵਿਜੇ ਮਲੋਤਰਾ ਨੇ ਦੱਸਿਆ ਕਿ ਨਗਰ ਦੀ ਇੱਕ ਹੋਰ ਸੰਸਥਾ ਰੋਟਰੀ ਇੰਟਰਨੈਸ਼ਨਲ ਲੁਧਿਆਣਾ ਦੇ ਸਹਿਯੋਗ ਨਾਲ ਮਹਿਲਾ ਕੈਦੀਆਂ ਲਈ ਆਰਟ ਥੈਰਪੀ ਦਾ ਇੱਕ ਰੋਜ਼ਾ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ। ਆਰਟ ਥੈਰਪੀ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਐਨ. ਦੇ ਪ੍ਰਧਾਨ ਕੀਰਤੀ ਗਰੋਵਰ ਨੇ ਦੱਸਿਆ ਕਿ ਮੰਡਾਲਾ ਆਰਟ ਥੈਰੇਪੀ ਦੀ ਵਰਤੋਂ ਅਕਸਰ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਨ ਅਤੇ ਫੋਕਸ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ. ਮਹਿਲਾ ਕੈਦੀ ਇਸ ਦੀ ਵਰਤੋਂ ਕਰਕੇ ਆਪਣੇ ਦਿਮਾਗ ਨੂੰ ਸ਼ਾਂਤ ਰੱਖਣ ਦਾ ਲਾਭ ਲੈ ਸਕਦੇ ਹਨ।
ਇਸ ਥੈਰਪੀ ਦੀ ਮਹਿਲਾ ਕੈਦੀਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਸਾਰਿਆਂ ਨੇ ਇਸ ਨੂੰ ਸਿੱਖਣ ਲਈ ਡੂੰਘੀ ਦਿਲਚਸਪੀ ਦਿਖਾਈ।
ਜੇਲ ਸੁਪਰੀਡੈਂਟ ਨੇ ਕੀਤਾ ਸੰਸਥਾਵਾਂ ਦਾ ਧੰਨਵਾਦ —
ਵਰਕਸ਼ਾਪ ਦੇ ਸਮਾਪਨ ਦੌਰਾਨ ਮਹਿਲਾ ਜੇਲ ਸੁਪਰੀਡੈਂਟ ਵਿਜੇ ਮਲੋਤਰਾ ਨੇ ਉਕਤ ਸੰਸਥਾਵਾਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਜੇਲ ਵਿੱਚ ਬੰਦ ਵਿਚਾਰ ਅਧੀਨ ਮਹਿਲਾ ਬੰਦੀ ਅਤੇ ਕੈਦੀਆਂ ਨੂੰ ਉਹਨਾਂ ਦੇ ਉਜੱਵਲ ਭਵਿੱਖ ਲਈ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣਾ ਬੇਹਦ ਜਰੂਰੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਨਗਰ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਸਮੇਂ ਸਮੇਂ ਅਨੁਸਾਰ ਉਲੀਕੇ ਜਾ ਰਹੇ ਹਨ ਤਾਂ ਜੋ ਜੇਲ੍ਹ ਵਿੱਚ ਬੰਦ ਮਹਿਲਾ ਕੈਦੀਆਂ ਵੱਲੋਂ ਜਾਣੇ-ਅਣਜਾਨੇ ਵਿੱਚ ਹੋਏ ਅਪਰਾਧ ਦੇ ਬੋਧ ਤੋਂ ਬਾਅਦ ਉਨ੍ਹਾਂ ‘ਤੇ ਮਾਨਸਿਕ ਸਮੱਸਿਆਵਾਂ ਨੂੰ ਹਾਵੀ ਨਾ ਹੋਣ ਦਿੱਤਾ ਜਾਵੇ।