ਨਵਾਂਸ਼ਹਿਰ, 5 ਮਈ (ਰਾਜੇਸ਼ ਜੈਨ – ਰੋਹਿਤ) : ਲੋਕ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਨਿਗਰਾਨੀ ਵਿੱਚ ਅੱਜ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਪੋਲਿੰਗ ਅਮਲੇ ਦੀ ਸਬੰਧਤ ਏ.ਆਰ.ਓ ਕਮ ਐਸ.ਡੀ.ਐਮ ਅਕਸ਼ਿਤਾ ਗੁਪਤ ਦੀ ਪ੍ਰਧਾਨਗੀ ਹੇਠ ਪਹਿਲੀ ਰਿਹਰਸਲ ਕਰਵਾਈ ਗਈ।ਸਹਾਇਕ ਰਿਟਰਨਿੰਗ ਅਫਸਰ ਨਵਾਂਸ਼ਹਿਰ ਨੇ ਦੱਸਿਆ ਕਿ ਨਵਾਂਸ਼ਹਿਰ ਹਲਕੇ ਦੇ ਪੋਲਿੰਗ ਅਮਲੇ ਪਹਿਲੀ ਦੀ ਰਿਹਰਸਲ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਵਾਲੇ ਪੋਲਿੰਗ ਅਮਲੇ ਵਿਚ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੋਲਿੰਗ ਸਟਾਫ ਨੂੰ ਚੋਣ ਪ੍ਰਕਿਰਿਆ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੋਲਿੰਗ ਪਾਰਟੀਆਂ ਨੂੰ ਵੋਟਿੰਗ ਵਾਲੇ ਦਿਨ ਹੋਣ ਵਾਲੀ ਇਕ-ਇਕ ਕਾਰਵਾਈ ਦਾ ਪਤਾ ਹੋਣਾ ਚਾਹੀਦਾ ਹੈ, ਇਸ ਲਈ ਡੰਮੀ ਮਸ਼ੀਨ ਰਾਹੀਂ ਵੋਟਿੰਗ ਦੇ ਸਮੁੱਚੇ ਪ੍ਰੋਸੈੱਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਕ ਪੋਲਿੰਗ ਪਾਰਟੀ ਵਿਚ ਇਕ ਪ੍ਰੀਜ਼ਾਈਡਿੰਗ ਅਫ਼ਸਰ, ਇਕ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਦੋ ਪੋਲਿੰਗ ਅਫ਼ਸਰ ਹੁੰਦੇ ਹਨ ਅਤੇ ਹਰੇਕ ਦਾ ਆਪੋ-ਆਪਣਾ ਕੰਮ ਹੁੰਦਾ ਹੈ। ਇਸ ਮੌਕੇ ਮਾਸਟਰ ਟ੍ਰੇਨਰਾਂ ਵੱਲੋਂ ਪੋਲਿੰਗ ਅਮਲੇ ਨੂੰ ਟ੍ਰੇਨਿੰਗ ਦਿੱਤੀ ਗਈ।