ਅੰਮ੍ਰਿਤਸਰ 6 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਣਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਅੰਮ੍ਰਿਤਸਰ ਦੱਖਣੀ ਵਿਧਾਨਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਵਧੀਕ ਕਮਿਸ਼ਨਰ,ਨਗਰ ਨਿਗਮ ਸ਼੍ਰੀ ਸੁਰਿੰਦਰ ਸਿੰਘ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਸ੍ਰੀ ਗੁਰੂ ਹਰਿਿਕ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ,ਸੁਲਤਾਨਵਿੰਡ ਰੋਡ ਵਿਖੇ ਵੋਟਰ ਜਾਗਰੂਕਤਾ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।ਇਸ ਮੋਕੇ ਆਪਣੇ ਸੰਬੋਧਨ ਵਿੱਚ ਅੰਮ੍ਰਿਤਸਰ ਦੱਖਣੀ ਵਿਧਾਨਸਭਾ ਹਲਕੇ ਦੇ ਨੋਡਲ ਅਫਸਰ ਸਵੀਪ ਪ੍ਰਿੰਸੀਪਲ ਮੋਨਿਕਾ ਨੇ ਮੌਜੂਦ ਲੋਕਾਂ ਨੂੰ ਵੋਟ ਦੇ ਹੱਕ ਬਾਰੇ ਵਿਸਥਾਰ ਪੂਰਵਕ ਜਾਗਰੂਕ ਕੀਤਾ।ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਵੀਪ ਗਤੀਵਿਧੀਆਂ ਤਹਿਤ ਪਹਿਲਾਂ ਵੀ ਵੱਖ ਵੱਖ ਸਕੂਲਾਂ ਵਿੱਚ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ।ਉਹਨਾਂ ਸਕੂਲੀ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੇ ਬੜੀ ਹੀ ਮਿਹਨਤ ਨਾਲ ਬਹੁਤ ਹੀ ਸੋਹਣੀ ਰੰਗੋਲੀ ਬਣਾ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ 01 ਜੂਨ ਨੂੰ ਵੋਟ ਜਰੂਰ ਪਾਉਣ ਤਾਂ ਜੋ ਚੰਗੀ ਸਰਕਾਰ ਦੀ ਚੋਣ ਕੀਤੀ ਜਾ ਸਕੇ।ਇਸ ਮੌਕੇ ਸਹਾਇਕ ਨੋਡਲ ਅਫ਼ਸਰ ਸਵੀਪ ਪ੍ਰਦੀਪ ਕਾਲੀਆ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਇਸ ਪ੍ਰਤੀ ਵਧੇਰੇ ਜਾਗਰੁਕ ਕਰਨ ਦੀ ਜਰੂਰਤ ਹੈ।ਪ੍ਰੋਗਰਾਮ ਦੇ ਅੰਤ ਵਿੱਚ ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੈਕਟਰੀ ਕਾਰਪੋਰੇਸ਼ਨ ਜਸਵਿੰਦਰ ਸਿੰਘ,ਮਨਪ੍ਰੀਤ ਕੌਰ,ਤਜਿੰਦਰ ਬੀਰ ਸਿੰਘ,ਰਜਿੰਦਰ ਸਿੰਘ,ਹਰਪ੍ਰੀਤ ਕੌਰ ਅਤੇ ਨਵਨੀਤ ਕੌਰ ਵੀ ਹਾਜ਼ਰ ਸਨ।