ਲੁਧਿਆਣਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸਾਲ 2019 ਵਿੱਚ ਚਾਰ ਸਾਲ ਦੇ ਮਾਸੂਮ ਨਾਲ ਬਦਫੈਲੀ ਕਰਨ ਤੋਂ ਬਾਅਦ ਆਰੀ ਦੇ ਬਲੇਟ ਨਾਲ ਉਸ ਦਾ ਗਲਾ ਰੇਤ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਕੇਸ ਵਿੱਚ ਪੋਕਸੋ ਮਾਮਲਿਆਂ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟ ਨੇ ਦੋਸ਼ੀ ਫੂਲ ਚੰਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫੈਸਲਾ ਸੁਣਾਇਆ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਅਮਰ ਸਿੰਘ ਨੇ ਆਖਿਆ ਕਿ ਮੁਲਜ਼ਮ ਫੂਲ ਚੰਦ ਆਪਣੀ ਮੌਤ ਤੱਕ ਜੇਲ੍ਹ ਵਿੱਚ ਰਹੇਗਾ। ਕਾਬਲੇਗੌਰ ਹੈ ਕਿ ਫੂਲ ਚੰਦ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਸਾਲ 2019 ਵਿੱਚ ਇਸ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ 6 ਅਕਤੂਬਰ 2019 ਵਿੱਚ ਮਾਸੂਮ ਬੱਚੇ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਸ਼ੀ ਜ਼ਮ ਫੂਲ ਚੰਦ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਉਸੇ ਵਿਹੜੇ ਵਿੱਚ ਰਹਿ ਰਿਹਾ ਸੀ ਜਿੱਥੇ ਦੋਸ਼ੀ ਫੂਲ ਚੰਦ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬੱਚੇ ਦੀ ਮਾਂ ਦਾ ਝਗੜਾ ਫੂਲ ਚੰਦ ਨਾਲ ਹੋ ਗਿਆ ਸੀ। ਮਨ ਵਿੱਚ ਰੰਜਸ਼ ਰੱਖੀ ਬੈਠੇ ਦੋਸ਼ੀ ਨੇ ਪੰਜ ਅਕਤੂਬਰ ਨੂੰ ਬੱਚੇ ਨੂੰ ਅਗਵਾ ਕੀਤਾ ਅਤੇ ਆਪਣੇ ਕਮਰੇ ਵਿੱਚ ਲੈ ਗਿਆ। ਮੁਲਜ਼ਮ ਨੇ ਚਾਰ ਸਾਲਾਂ ਦੇ ਮਾਸੂਮ ਨਾਲ ਬਦਫੈਲੀ ਕੀਤੀ ਅਤੇ ਆਰੀ ਵਾਲੇ ਬਲੇਡ ਨਾਲ ਉਸ ਦਾ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਪੇ ਬੱਚੇ ਨੂੰ ਲੱਭਦੇ ਹੋਏ ਫੂਲ ਚੰਦ ਦੇ ਕਮਰੇ ਤੱਕ ਪਹੁੰਚੇ ਅਤੇ ਉਨ੍ਹਾਂ ਨੇ ਖੂਨ ਨਾਲ ਲੱਥ ਪੱਥ ਬੱਚੇ ਦੀ ਲਾਸ਼ ਦੇਖੀ।