ਲੁਧਿਆਣਾ (ਰਾਜੇਸ ਜੈਨ-ਲਿਕੇਸ ਸ਼ਰਮਾ ) ਤੜਕੇ 4 ਵਜੇ ਪੁਲਿਸ ਲਾਈਨ ‘ਚ ਤਾਇਨਾਤ ਮੁਲਾਜ਼ਮ ਗੁਰਵਿੰਦਰ ਸਿੰਘ ਦੀ ਛਾਤੀ ‘ਚ ਅਚਾਨਕ ਗੋਲ਼ੀ ਲੱਗ ਗਈ ਜਿਸ ਤੋਂ ਬਾਅਦ ਗੁਰਵਿੰਦਰ ਐਕਟਿਵਾ ਚਲਾ ਕੇ ਖ਼ੁਦ ਆਪਣੇ ਘਰ ਦੇ ਬਾਹਰ ਪਹੁੰਚਿਆ ਤੇ ਘਰ ਦੇ ਬਾਹਰ ਹੀ ਡਿੱਗ ਪਿਆ। ਮੁਲਾਜ਼ਮ ਉੱਪਰ ਹਮਲਾ ਕਿਸ ਨੇ ਕੀਤਾ ਅਜੇ ਤਕ ਇਹ ਭੇਤ ਬਰਕਰਾਰ ਹੈ। ਜ਼ਖ਼ਮੀ ਹਾਲਤ ‘ਚ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਗੁਰਵਿੰਦਰ ਨੇ ਕਈ ਨਸ਼ਾ ਤਸਕਰਾਂ ਨੂੰ ਹਿਰਾਸਤ ‘ਚ ਲਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ‘ਚੋਂ ਹੀ ਕਿਸੇ ਨੇ ਹਮਲਾ ਕੀਤਾ ਹੋਵੇਗਾ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਗੁਰਵਿੰਦਰ ਦੇ ਹੋਸ਼ ‘ਚ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਬਿਆਨ ਲੈ ਕੇ ਪੁਲਿਸ ਜਲਦੀ ਹੀ ਬਣਦੀ ਕਾਰਵਾਈ ਕਰੇਗੀ। ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।