ਅੰਮ੍ਰਿਤਸਰ 6 ਮਈ (ਰੋਹਿਤ ਗੋਇਲ – ਸੰਜੀਵ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਣਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਇੱਕ ਨਿਵੇਕਲੀ ਪਹਿਲ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਕਈ ਪੈਟਰੋਲ ਪੰਪਾਂ ਤੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ।ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੱਖਣੀ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਪ੍ਰਿੰਸੀਪਲ ਸੁਨੀਲ ਗੁਪਤਾ ਨੇ ਦੱਸਿਆ ਕਿ ਇੱਕ ਨਿਵੇਕਲੀ ਪਹਿਲ ਤਹਿਤ ਉਹਨਾਂ ਵਲੋਂ ਅੱਜ ਪੁਤਲੀਘਰ ਇਲਾਕੇ ਵਿੱਚ ਸਥਿਤ ਕਈ ਪੈਟਰੋਲ ਪੰਪਾਂ ਤੇ ਜਾ ਕੇ ਆਮ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕੀਤਾ ਗਿਆ।ਉਹਨਾਂ ਕਿਹਾ ਕਿ ਪੈਟਰੋਲ ਪੰਪਾਂ ਤੇ ਆਮ ਲੋਕਾਂ ਦੀ ਭਾਰੀ ਆਮਦ ਰਹਿੰਦੀ ਹੈ ਅਤੇ ਲੋਕ ਪੈਟਰੋਲ ਭਰਵਾਉਣ ਲਈ ਕੁਝ ਸਮਾਂ ਰੁਕਦੇ ਹਨ,ਇਸੇ ਸਮੇਂ ਦੌਰਾਨ ਲੋਕਾਂ ਨਾਲ ਸਿੱਧਾ ਰਾਬਤਾ ਕਰਦੇ ਹੋਏ ਅੱਜ ਆਮ ਵੋਟਰਾਂ ਨੂੰ ਵੋਟ ਦੇ ਹੱਕ ਪ੍ਰਤੀ ਚੋਣ ਸੁਨੇਹਾ ਦਿੱਤਾ ਗਿਆ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕੋਸ਼ਸ਼ ਦਾ ਲੋਕਾਂ ਵਲੋਂ ਕਾਫ਼ੀ ਸਕਾਰਾਤਮਕ ਹੁੰਗਾਰਾ ਮਿਲਿਆ ਹੈ।ਉਹਨਾਂ ਕਿਹਾ ਕਿ ਪੈਟਰੋਲ ਪੰਪਾਂ ਤੇ ਇਹ ਵੋਟਰ ਜਾਗਰੂਕਤਾ ਮੁਹਿੰੰਮ ਭਵਿੱਖ ਵਿੱਚ ਵੀ ਜ਼ਾਰੀ ਰਹੇਗੀ।ਉਹਨਾਂ ਲੋਕਾਂ ਨੂੰ 1 ਜੂਨ ਨੂੰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ ਦੀ ਅਪੀਲ ਕੀਤੀ।ਇਸ ਮੌਕੇ ਉਹਨਾਂ ਨਾਲ ਅੰਮ੍ਰਿਤਸਰ ਦੱਖਣੀ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਪੀ.ਡਬਲਿਊ.ਡੀ. ਨੀਰਜ ਬਾਲਾ, ਗੁਰਵਿੰਦਰ ਸਿੰਘ, ਸੰਦੀਪ ਸਿੰਘ,ਜ਼ਿਲ੍ਹਾ ਪੱਧਰੀ ਸਵੀਪ ਟੀਮ ਮੈਂਬਰ ਪੰਕਜ ਕੁਮਾਰ,ਆਸ਼ੂ ਧਵਨ ਅਤੇ ਮੁਨੀਸ਼ ਕੁਮਾਰ ਵੀ ਹਾਜ਼ਰ ਸਨ।