ਬਰਨਾਲਾ (ਅਸਵਨੀ -ਜਗਰੂਪ ਸੋਹੀ) ਸੁਖਬੀਰ ਸਿੰਘ ਬਾਦਲ ਦਾ ਬਰਨਾਲਾ ਪੁੱਜਣ ’ਤੇ ਹਲਵਾਈ ਦੁਕਾਨਦਾਰ ਨੇ ਕਾਫ਼ਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਹੋਇਆ ਇੰਝ ਕਿ ਬਰਨਾਲਾ ਰੇਲਵੇ ਸਟੇਸ਼ਨ ’ਤੇ ਕ੍ਰਿਸ਼ਨ ਸਵੀਟਸ ਰਾਮਪੁਰੇ ਵਾਲਿਆਂ ਦੀ ਦੁਕਾਨ ਦੇ ਮਾਲਕ ਕਰਣ ਮੰਗਲਾ ਨੇ ਜਦੋਂ ਸੁਖਬੀਰ ਬਾਦਲ ਦਾ ਪੰਜਾਬ ਬਚਾਓ ਯਾਤਰਾ ਕਾਫਲਾ ਪੁੱਜਾ ਤਾਂ ਸਾਥੀਆਂ ਸਣੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਹਿ ਰਹੇ ਸਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਦੁਕਾਨ ਤੋਂ ਲਏ ਗਏ ਕਰੀਬ ਢਾਈ ਲੱਖ ਰੁਪਏ ਦੇ ਲੱਡੂਆਂ ਦੀ ਰਕਮ ਹਾਲੇ ਤੱਕ ਨਹੀਂ ਮਿਲੀ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਪਿਛਲੇ ਬਕਾਇਆਂ ਦੀ ਮੰਗ ਕੀਤੀ।ਕਾਫਲੇ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੁੂੰਦਾ ਤੋਂ ਇਲਾਵਾ ਨਗਰ ਕੌਂਸਲ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਹੇ ਸੰਜੀਵ ਸ਼ੋਰੀ ਵੀ ਬੈਠੇ ਸਨ। ਜਦ ਦੁਕਾਨਦਾਰਾਂ ਨੇ ਸੰਜੀਵ ਸ਼ੋਰੀ ਵੱਲ ਉਂਗਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੱਡੂਆਂ ਦੇ ਪੈਸੇ ਦੇ ਕੇ ਜਾਓ। ਇਸ ਦੌਰਾਨ ਉਮੀਦਵਾਰ ਝੂੰਦਾ ਦੇ ਹੱਥ ’ਚ ਫੜੀ ਮਿਲਕ ਬਦਾਮ ਵਾਲੀ ਬੋਤਲ ’ਚੋਂ ਭਰੀ ਘੁੱਟ ਗਲ ’ਚੋਂ ਹੇਠਾਂ ਨਾ ਲੰਘੀ ਤੇ ਪਾਰਟੀ ਪ੍ਰਧਾਨ ਦੇ ਪਿੱਛੇ ਬੈਠੇ ਸ਼ੋਰੀ ਵੀ ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਫੜੇ ਬੈਨਰ ’ਤੇ ਆਪਣੀ ਲੱਗੀ ਤਸਵੀਰ ’ਤੇ ਦੇਖ ਕੇ ਵੀ ਹੱਕੇ-ਬੱਕੇ ਰਹਿ ਗਏ।