Home Education ਸਿੱਖਿਆ ਮੰਤਰੀ ਨੇ ਭਾਰਤ – ਪਾਕਿ ਸਰਹੱਦ ਦੇ ਖੇਤਰ ਵਿੱਚ ਸਕੂਲਾਂ ਦੀ...

ਸਿੱਖਿਆ ਮੰਤਰੀ ਨੇ ਭਾਰਤ – ਪਾਕਿ ਸਰਹੱਦ ਦੇ ਖੇਤਰ ਵਿੱਚ ਸਕੂਲਾਂ ਦੀ ਕੀਤੀ ਜਾਂਚ

39
0


ਅੰਮਿ੍ਤਸਰ, 13 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਜੋ ਕਿ ਬੀਤੇ ਦਿਨਾਂ ਤੋਂ ਭਾਰਤ ਪਾਕਿਸਤਾਨ ਸਰਹੱਦ ਉਤੇ ਪੈਂਦੇ ਇਲਾਕੇ ਵਿੱਚ ਚੱਲਦੇ ਸਰਕਾਰੀ ਸਕੂਲਾਂ ਦਾ ਦੌਰਾ ਕਰ ਰਹੇ ਹਨ, ਨੇ ਅਟਾਰੀ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਹੱਦ ਖੇਤਰ ਦੇ ਸਕੂਲਾਂ ਵਿੱਚ ਵੱਡੇ ਪੱਧਰ ਉਤੇ ਸੁਧਾਰ ਦੀ ਲੋੜ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਲਮੀ ਪੱਧਰ ਦੇ ਸਕੂਲਾਂ ਵਿਚ ਸ਼ੁਮਾਰ ਕਰਨ ਦੀ ਹੈ ਅਤੇ ਮੈਂ ਇਸ ਸੁਪਨੇ ਨੂੰ ਹਕੀਕੀ ਰੂਪ ਵਿਚ ਪੂਰਾ ਕਰਨ ਲਈ ਕੱਲ ਤਰਨਤਾਰਨ ਜਿਲੇ ਅਤੇ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਜਿਲੇ ਦੀ ਸਰਹੱਦੀ ਪੱਟੀ ਦੇ ਸਕੂਲਾਂ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਫਾਜ਼ਿਲਕਾ,ਫਿਰੋਜ਼ਪੁਰ ਦੇ ਸਕੂਲਾਂ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਸਕੂਲਾਂ ਦੀ ਹਾਲਤ ਵੇਖਣ ਤੋਂ ਇਲਾਵਾ ਬੱਚਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ,ਜਿਸ ਵਿਚੋਂ ਸਥਿਤੀ ਪਾਣੀ ਵਾਂਗ ਸਾਫ ਹੋ ਗਈ ਹੈ ਕਿ ਇਸ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਅਤੇ ਮੁੱਢਲੇ ਢਾਂਚੇ ਵਿੱਚ ਵੱਡੇ ਸੁਧਾਰ ਕਰਨੇ ਪੈਣਗੇ।ਉਨ੍ਹਾਂ ਕਿਹਾ ਕਿ ਮੈਂ ਬੱਚਿਆਂ ਨੂੰ ਕਿਤਾਬਾਂ ਪੜਾ ਕੇ, ਪ੍ਰਸ਼ਨ ਪੁੱਛ ਕੇ ਵੇਖੇ ਅਤੇ ਮਨ ਦੁਖੀ ਹੋਇਆ ਹੈ ਕਿ ਬੱਚੇ ਜਮਾਤਾਂ ਵਿੱਚ ਤਾਂ ਅੱਗੇ ਵੱਧ ਰਹੇ ਹਨ, ਪਰ ਉਨ੍ਹਾਂ ਦੀ ਪੜਾਈ ਬਹੁਤ ਪਿੱਛੇ ਹੈ। ਸ ਬੈਂਸ ਨੇ ਕਿਹਾ ਕਈ ਸਕੂਲਾਂ ਵਿੱਚ ਬੱਚੇ ਨਾ ਪੰਜਾਬੀ, ਨਾ ਹਿੰਦੀ ਅਤੇ ਨਾ ਅੰਗਰੇਜੀ ਲਿਖ ਸਕੇ ਹਨ। ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਸਕੂਲ ਵੀ ਇਲਾਕੇ ਦੇ ਨਾਮਵਰ ਸਕੂਲਾਂ ਵਿੱਚ ਗਿਣੇ ਜਾ ਰਹੇ ਹਨ। ਉਨਾਂ ਕਿਹਾ ਕਿ ਇੰਨਾ ਸਕੂਲਾਂ ਵਿਚ ਸਿੱਖਿਆ ਮੰਤਰੀ ਤਾਂ ਦੂਰ, ਕਈ ਸਕੂਲ ਅਜਿਹੇ ਮਿਲੇ ਹਨ, ਜਿੱਥੇ 2017 ਤੋਂ ਬਾਅਦ ਕੋਈ ਜਿਲ੍ਹਾ ਸਿੱਖਿਆ ਅਧਿਕਾਰੀ ਵੀ ਨਹੀਂ ਗਿਆ।ਉਨਾਂ ਕਿਹਾ ਕਿ ਸਕੂਲਾਂ ਦਾ ਦੌਰਾ ਕਰਕੇ ਕਈ ਜਮੀਨੀ ਹਕੀਕਤਾਂ ਤੋਂ ਜਾਣੂੰ ਹੋਇਆ ਹਾਂ ਅਤੇ ਹੁਣ ਮੇਰੀ ਕੋਸ਼ਿਸ਼ ਸਕੂਲਾਂ ਦਾ ਤਰਤੀਬਵਾਰ ਵਿਕਾਸ ਕਰਨ ਦੀ ਰਹੇਗੀ, ਤਾਂ ਕਿ ਸਕੂਲ ਬੱਚਿਆਂ ਦੀ ਹਰੇਕ ਲੋੜ ਨੂੰ ਪੂਰੀ ਕਰਕੇ ਉਸਦੀ ਸਮਰੱਥਾ ਨੂੰ ਨਿਖਾਰ ਸਕਣ। ਇਸ ਦੌਰਾਨ ਉਨ੍ਹਾਂ ਸਰਕਾਰੀ ਸਕੂਲ ਟਪਿਆਲਾ, ਜੋ ਕਿ ਅਜਨਾਲਾ ਹਲਕੇ ਵਿਚ ਲੜਕੀਆਂ ਦਾ ਸਕੂਲ ਹੈ, ਦਾ ਵਿਸੇਸ ਜਿਕਰ ਕਰਦੇ ਕਿਹਾ ਉਨ੍ਹਾਂ ਦੇ ਪਿ੍ਰੰਸੀਪਲ ਨੇ ਆਪਣੇ ਪੱਧਰ ਉਤੇ ਮਿਹਨਤ ਕਰਕੇ ਸਕੂਲ ਵਿੱਚ ਵਿਦਿਆਰਥੀਆਂ ਲਈ ਬੱਸਾਂ ਤੱਕ ਦਾ ਪ੍ਰਬੰਧ ਕੀਤਾ ਹੈ ਅਤੇ ਇਲਾਕੇ ਦੇ ਮਹਿੰਗੇ ਸਕੂਲਾਂ ਨਾਲੋਂ ਵੀ ਚੰਗੀ ਵਿਦਿਆ ਦੇ ਰਹੇ ਹਨ, ਪਰ ਇਸ ਇਲਾਕੇ ਵਿਚ ਅਜਿਹੇ ਸਕੂਲ ਬਹੁਤ ਘੱਟ ਹਨ।ਉਨ੍ਹਾਂ ਕਿਹਾ ਕਿ ਮੈਂ ਸਕੂਲਾਂ ਦੇ ਨਤੀਜਿਆਂ ਅਤੇ ਨਵੇਂ ਦਾਖਲਿਆਂ ਉਤੇ ਬਹੁਤ ਧਿਆਨ ਕੇਂਦਰਤ ਕੀਤਾ ਹੈ ਅਤੇ ਇਨ੍ਹਾਂ ਮੁੱਦਿਆਂ ਕਾਰਨ ਹੀ ਸਾਰੇ ਜਿਲਿਆਂ ਦੇ ਸਕੂਲਾਂ ਦਾ ਦੌਰਾ ਕਰ ਰਿਹਾ ਹਾਂ।ਉਨ੍ਹਾਂ ਕਿਹਾ ਕਿ ਮੈਂ ਸਕੂਲਾਂ ਦੇ ਦੌਰੇ ਜਮੀਨੀ ਹਕੀਕਤ ਜਾਣਨ ਲਈ ਲਗਾਤਾਰ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਮੇਰਾ ਧਿਆਨ ਸਿੱਖਿਆ ਉਤੇ ਹੀ ਹੈ ਅਤੇ ਜਲਦੀ ਸਕੂਲਾਂ ਵਿੱਚ 3000 ਨਵੇਂ ਕਮਰੇ ਅਤੇ 117 ਸਕੂਲ ਆਫ ਐਮੀਨੈਂਸ ਬਣਾ ਦਿਤੇ ਜਾਣਗੇ। ਉਨ੍ਹਾਂ ਸਪੱਸਟ ਕੀਤਾ ਕਿ ਨਿੱਜੀ ਸਕੂਲਾਂ ਦੀਆਂ ਵਧੀਕੀਆਂ ਖਿਲਾਫ ਕਾਰਵਾਈ ਹੋਵੇਗੀ।ਉਨ੍ਹਾਂ ਕਿਹਾ ਕਿ ਕਰੀਬ ਤਿੰਨ ਹਜਾਰ ਸ਼ਿਕਾਇਤਾਂ ਮਿਲੀਆਂ ਹਨ ਅਤੇ 100 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।ਅੱਜ ਸਿੱਖਿਆ ਮੰਤਰੀ ਨੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਰਮਦਾਸ, ਅਵਾਣ, ਅਟਾਰੀ, ਛੇਹਰਟਾ ਅਤੇ ਟਾਊਨ ਹਾਲ ਸਕੂਲਾਂ ਦਾ ਦੌਰਾ ਕੀਤਾ।ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ, ਪਿੰਸੀਪਲ ਰਿੰਪੀ ਅਰੋੜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here