ਹਠੂਰ, 25 ਫਰਵਰੀ ( ਬੌਬੀ ਸਹਿਜਲ, ਧਰਮਿੰਦਰ )- ਪਿੰਡ ਚਕਰ ’ਚ ਬਾਕਸਿੰਗ ਖਿਡਾਰੀ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ ਗਈ। ਜਿਸ ’ਤੇ ਥਾਣਾ ਹਠੂਰ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ ਵਾਸੀ ਪਿੰਡ ਚਕਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੇਰਾ ਲੜਕਾ ਜਗਵਿੰਦਰ ਸਿੰਘ ਦੁਪਹਿਰ ਵੇਲੇ ਪਿੰਡ ਜਾਂਗਪੁਰ ਵਿਖੇ ਕਬੱਡੀ ਟੂਰਨਾਮੈਂਟ ਖੇਡਣ ਗਿਆ ਸੀ। ਮੈਂ ਅਤੇ ਮੇਰਾ ਪਤੀ ਜਗਦੇਵ ਸਿੰਘ ਘਰ ਵਿੱਚ ਮੌਜੂਦ ਸੀ। ਸਾਡੀ ਲੜਕੀ ਮਨਦੀਪ ਕੌਰ ਮੋਹਾਲੀ ਵਿੱਚ ਮੁੱਕੇਬਾਜ਼ੀ ਦੀ ਸਿਖਲਾਈ ਲੈ ਰਹੀ ਹੈ। ਰਾਤ ਸਮੇਂ ਸਾਡੇ ਘਰ ਦੇ ਬਾਹਰ ਸੜਕ ’ਤੇ ਗੋਲੀ ਚੱਲਣ ਦੀ ਆਵਾਜ਼ ਆਈ, ਜਦੋਂ ਅਸੀਂ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਇਕ ਕਾਰ ਜਿਸ ਵਿਚ ਅਣਪਛਾਤੇ ਵਿਅਕਤੀ ਮੌਜੂਦ ਸਨ, ਉਹ ਕਾਰ ਤੇਜੀ ਨਾਲ ਭਜਾ ਕੇ ਫ਼ਰਾਰ ਹੋ ਗਏ। ਹਨੇਰਾ ਹੋਣ ਕਾਰਨ ਗੱਡੀ ਦੀ ਨੰਬਰ ਨਹੀਂ ਪੜ੍ਹਿਆ ਜਾ ਸਕਿਆ। ਦਲਜੀਤ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।