ਹਠੂਰ, 25 ਫਰਵਰੀ ( ਮੋਹਿਤ ਜੈਨ, ਅਸ਼ਵਨੀ )-ਐਨਆਰਆਈ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਤੋੜਨ ਦੇ ਦੋਸ਼ ਵਿੱਚ ਪੁਲੀਸ ਮੁਲਾਜ਼ਮ ਤੇ ਉਸ ਦੇ ਭਰਾ ਅਤੇ ਉਨ੍ਹਾਂ ਦੇ ਇਕ ਸਾਥੀ ਖਿਲਾਫ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਵਾਸੀ ਪਿੰਡ ਚਕਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ ਰਾਤ ਕਰੀਬ 11 ਵਜੇ ਉਸ ਨੂੰ ਕੈਨੇਡਾ ਤੋਂ ਗੁਰਨਾਮ ਸਿੰਘ ਦਾ ਫੋਨ ਆਇਆ ਕਿ ਕੋਈ ਵਿਅਕਤੀ ਘਰ ਵਿੱਚ ਲੱਗੇ ਕੈਮਰੇ ਤੋੜ ਰਿਹਾ ਹੈ। ਤੂੰ ਜਾ ਕੇ ਵੇਖ। ਜਦੋਂ ਮੈਂ ਆਪਣੇ ਲੜਕੇ ਕੁਲਵਿੰਦਰ ਸਿੰਘ ਨਾਲ ਗਿਆ ਤਾਂ ਸਟਰੀਟ ਲਾਈਟਾਂ ਜਗ ਰਹੀਆਂ ਸਨ। ਤੇਜਿੰਦਰ ਸਿੰਘ (ਆਈ.ਆਰ.ਬੀ. ਦਾ ਪੁਲੀਸ ਅਧਿਕਾਰੀ), ਉਸ ਦਾ ਭਰਾ ਗੁਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਪਿੰਡ ਚਕਰ ਰੋੜੇ ਮਾਰ ਕੇ ਕੈਮਰੇ ਤੋੜ ਰਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕੈਮਰੇ ਕਿਉਂ ਤੋੜ ਰਹੇ ਹੋ ਤਾਂ ਗੁਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਮੈਨੂੰ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿਤਾ। ਜਦੋਂ ਮੇਰਾ ਲੜਕਾ ਬਚਾਉਣ ਲਈ ਅੱਗੇ ਆਇਆ ਤਾਂ ਤੇਜਿੰਦਰ ਸਿੰਘ ਜਿਸ ਨੇ ਦਾਹ ਉਸਦੇ ਸਿਰ ਵਿਚ ਮਾਰਿਆ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਇਨ੍ਹਾਂ ਤਿੰਨਾਂ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।