ਖੇਮਕਰਨ,18 ਮਈ (ਰੋਹਿਤ ਗੋਇਲ) : ਪਿੰਡ ਆਸਲ ਉਤਾੜ ਦੇ ਬਾਹਰਵਾਰ ਖੇਤਾਂ ‘ਚ ਪਰਿਵਾਰ ਨਾਲ ਰਹਿੰਦੇ ਪਿੰਡ ਆਸਲ ਉਤਾੜ ਦੇ ਨੌਜਵਾਨ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦਾ ਪੁੱਤਰ ਗੁਰਜੀਤ ਸਿੰਘ (26) ਝੋਨੇ ਦੀ ਪਨੀਰੀ ਨੂੰ ਪਾਣੀ ਲਗਾਉਣ ਲਈ ਖੇਤ ‘ਚ ਮੋਟਰ ਚਲਾਉਣ ਗਿਆ ਸੀ ਜਿੱਥੇ ਉਸ ਨੂੰ ਜ਼ਬਰਦਸਤ ਕਰੰਟ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਗੁਰਜੀਤ ਸਿੰਘ ਦਾ ਵਿਆਹ ਹੋਇਆ ਸੀ ਤੇ ਉਸ ਦਾ ਅੱਠ ਮਹੀਨੇ ਦਾ ਇਕ ਲੜਕਾ ਹੈ। ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਪਿੰਡ ਵਿਚ ਹੋਈ ਇਸ ਜਵਾਨ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਸਾਰਾ ਪਿੰਡ ਸਦਮੇ ਵਿਚ ਦਿਖਾਈ ਦਿੱਤਾ।