ਮੋਗਾ (ਸੁਨੀਲ ਸੇਠੀ) ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਜਨਰਲ ਸਕੱਤਰ ਜਸਟਿਸ ਜੋਰਾ ਸਿੰਘ ਨੇ ‘ਆਪ’ ਦੇ ਵਿਰੋਧ ਵਿੱਚ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਪਾਰਟੀ ਖਿ਼ਲਾਫ਼ ਆਵਾਜ਼ ਬੁਲੰਦ ਕੀਤੀ।ਜਸਟਿਸ ਜੋਰਾ ਸਿੰਘ ਨੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦਲੋਆ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਸਟਿਸ ਜੋਰਾ ਸਿੰਘ ਨਾਲ ਪ੍ਰੈਸ ਕਾਨਫਰੰਸ ਦੌਰਾਨ ਲੋਕ ਰਾਜ ਸੰਗਠਨ ਦੇ ਪ੍ਰਧਾਨ ਮਨਜੀਤ ਸਿੰਘ ਰੰਧਾਵਾ ਵੀ ਮੌਜੂਦ ਸਨ।ਪਾਰਟੀ ਉਮੀਦਾਂ ‘ਤੇ ਖਰੀ ਨਹੀਂ ਉਤਰੀ – ਜਸਟਿਸ ਜੋਰਾ ਸਿੰਘ
ਜਸਟਿਸ ਜੋਰਾ ਸਿੰਘ ਨੇ ਆਮ ਆਦਮੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਉਨ੍ਹਾਂ ਦੀਆਂ ਅਤੇ ਆਮ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ, ਇਸ ਲਈ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਸਟਿਸ ਜੋਰਾ ਸਿੰਘ ਦਾ ਕਹਿਣਾ ਹੈ ਕਿ ਉਹ ਪਾਰਟੀ ਛੱਡ ਚੁੱਕੇ ਹਨ। ਪਰ ਅਜੇ ਤੱਕ ਉਨ੍ਹਾਂ ਦਾ ਅਸਤੀਫਾ ਨਹੀਂ ਦਿੱਤਾ ਗਿਆ ਹੈ।
ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਪਾਰਟੀ ਆਪਣੇ ਮੁੱਢਲੇ ਫਰਜ਼ ਤੋਂ ਭਟਕ ਗਈ ਹੈ। ਉਹ ਭ੍ਰਿਸ਼ਟਾਚਾਰ ਮੁਕਤ ਸਮਾਜ, ਨਸ਼ਾਖੋਰੀ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਵਾਅਦਿਆਂ ਨਾਲ ਸੱਤਾ ਵਿੱਚ ਆਏ ਸਨ। ਪਰ ਅਜਿਹਾ ਕੁਝ ਨਹੀਂ ਹੋ ਸਕਿਆ।
ਕੌਣ ਹਨ ਜਸਟਿਸ ਜ਼ੋਰਾ ਸਿੰਘ?
ਤੁਹਾਨੂੰ ਦੱਸ ਦੇਈਏ ਕਿ ਜਸਟਿਸ ਜੋਰਾ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਹਨ। ਉਹ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਮੇਟੀ ਦੇ ਚੇਅਰਮੈਨ ਰਹੇ ਹਨ।
ਉਹ 2019 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਵੀ ਲੜੀ। ਇਸ ਵਾਰ ਉਹ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ।