ਜਗਰਾਓਂ, 27 ਮਈ ( ਜਗਰੂਪ ਸੋਹੀ, ਅਸ਼ਵਨੀ)-ਅਖਾੜਾ ਪਿੰਡ ਵਿਖੇ ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਦਿਨ ਰਾਤ ਦੇ ਸੰਘਰਸ਼ ਮੋਰਚੇ ਬਾਰੇ ਐਸ ਡੀ ਐਮ ਜਗਰਾਂਓ ਗੁਰਵੀਰ ਸਿੰਘ ਕੋਹਲੀ ਵੱਲੋਂ ਦਿੱਤੇ ਵੀਡੀਓ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਇੱਕ ਪਾਸੜ ਕਰਾਰ ਦਿੱਤਾ ਹੈ। ਅੱਜ ਅਖਾੜਾ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਐਸ਼ ਡੀ ਐਮ ਜਗਰਾਂਓ ਵੱਲੋਂ ਅਖਾੜਾ ਵਾਸੀਆਂ ਦਾ ਪੱਖ ਜਾਣੇ ਤੋ ਬਿਨਾਂ ਪਿੰਡ ਵਾਸੀਆਂ ਨੂੰ ਵਿਡੀਓ ਬਿਆਨ ਰਾਹੀਂ ਦੋਸ਼ੀ ਕਰਾਰ ਦੇਣ ਦੀ ਨਿੰਦਾ ਕਰਦਿਆਂ ਲਾਏ ਦੋਸ਼ਾਂ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਮਹੀਨੇ ਤੋਂ ਉੱਪਰ ਸਮੇਂ ਤੋਂ ਉੱਪਰ ਚੱਲ ਰਹੇ ਧਰਨੇ ਨੂੰ ਤਾਰਪੀਡੋ ਕਰਨ ਲਈ ਫੈਕਟਰੀ ਮਾਲਕ ਜਾਣਬੁੱਝ ਕੇ ਭੜਕਾਹਟ ਪੈਦਾ ਕਰ ਰਿਹਾ ਹੈ। ਉਸ ਵੱਲੋਂ ਫੈਕਟਰੀ ਚ ਮੇਨ ਗੇਟ ਲਗਾਉਣ , ਸੀਮੈੰਟ ਦਾ ਟਰੱਕ ਲਿਆ ਕੇ ਉਸਾਰੀ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਨੂੰ ਪਿੰਡਵਾਸੀਆਂ ਦੇ ਵਿਸ਼ਾਲ ਏਕੇ ਨੇ ਅਸਫਲ ਬਣਾ ਦਿੱਤਾ ਸੀ। ਪੁਲਸ ਵੱਲੋਂ ਦਿੱਤੀਆਂ ਧਮਕੀਆਂ ਨੂੰ ਵੀ ਪਿੰਡ ਵਾਸੀਆਂ ਨੇ ਬਰਦਾਸ਼ਤ ਨਾ ਕਰਕੇ ਤਕੜਾ ਪਰਤੀਕਰਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਫੈਕਟਰੀ ਮਾਲਕ ਨਾਲ ਜਾਂ ਉਸ ਦੀ ਪਤਨੀ ਨਾਲ ਦੁਰਵਿਹਾਰ ਸੱਚਾਈ ਤੋ ਕੋਹਾਂ ਦੂਰ ਹੈ1 ਇਸ ਸਬੰਧੀ ਕਮੇਟੀ ਵੱਲੋਂ ਅਪਣਾ ਰੋਸ ਅੱਜ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਰਾਹੀਂ ਐਸ਼ ਡੀ ਐਮ ਜਗਰਾਂਓ ਨੂੰ ਪਹੁੰਚਾ ਦਿੱਤਾ ਹੈ। ਸੰਘਰਸ਼ ਕਮੇਟੀ ਨੇ ਦੱਸਿਆ ਕਿ ਸਰਕਾਰ ਤੇ ਪਰਸਾਸ਼ਨ ਵਲੋ ਲੋਕਾਂ ਦੀ ਜਾਇਜ਼ ਮੰਗ ਦਾ ਮਹੀਨੇ ਤੋਂ ਉੱਪਰ ਸਮਾਂ ਲੰਘ ਜਾਣ ਦੇ ਬਾਵਜੂਦ ਕੋਈ ਹੱਲ ਨਾ ਕੱਢਣ ਦੇ ਰੋਸ ਵਜੋਂ ਮਜਬੂਰੀ ਚ ਲੋਕਸਭਾ ਚੋਣਾਂ ਦੇ ਬਾਈਕਾਟ ਦਾ ਫੈਸਲਾ ਕਰਨਾ ਪਿਆ ਹੈ। ਉੱਨਾਂ ਕਿਹਾ ਕਿ ਚੋਣਾਂ ਤੋ ਬਾਅਦ ਸੰਘਰਸ਼ ਕਮੇਟੀ ਦੂਜੀਆਂ ਥਾਵਾਂ ਤੇ ਚੱਲ ਰਹੇ ਗੈਸ ਫ਼ੈਕਟਰੀਆਂ ਵਿਰੋਧੀ ਮੋਰਚਿਆਂ ਨਾਲ ਤਾਲਮੇਲ ਕਰਕੇ ਜਿਲਾ ਪੱਧਰ ਤੇ ਇਸ ਸੰਘਰਸ਼ ਨੂੰ ਮਘਾਏਗੀ । ਉੱਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਡੀ ਸੀ ਲੁਧਿਆਣਾ ਦੇ ਕੰਨ ਖੋਲ੍ਹਣ ਲਈ ਸਾਂਝੇ ਸੰਘਰਸ਼ ਨੂੰ ਲੁਧਿਆਣਾ ਦੀ ਸੀ ਦਫ਼ਤਰ ਅਤੇ ਚੰਡੀਗੜ ਵੱਲ ਕੇਂਦਰਿਤ ਕਰਨ ਦੇ ਯਤਨ ਕੀਤੇ ਜਾਣਗੇ। ਉੱਨਾਂ ਦੱਸਿਆ ਕਿ 27 ਮਈ ਨੂੰ ਇਲਾਕੇ ਦੇ ਲੋਕਾਂ ਨੂੰ ਪਰਦੁਸ਼ਿਤ ਫੈਕਟਰੀ ਖ਼ਿਲਾਫ਼ ਲਾਮਬੰਦ ਕਰਨ ਲਈ ਇਲਾਕੇ ਦੇ ਪਿੰਡਾਂ ਚ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ। ਉੱਨਾਂ ਦੱਸਿਆ ਕਿ ਇਸ ਮਸਲੇ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਵੀ ਅਪਣਾ ਏਜੰਡਾ ਬਣਾ ਲਿਆ ਹੈ।