ਰੋਜ਼ਾਨਾ ਸੱਤ ਹਜ਼ਾਰ ਤੋਂ ਵੱਧ ਆਮ ਲੋਕ ਸਿਹਤ ਸਹੂਲਤਾਂ ਦਾ ਲੈ ਰਹੇ ਹਨ ਲਾਭ
ਚੰਡੀਗੜ੍ਹ, 16 ਅਕਤੂਬਰ: ( ਰਾਜੇਸ਼ ਜੈਨ, ਭਗਵਾਨ ਭੰਗੂ) –
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ ‘ਆਮ ਆਦਮੀ ਕਲੀਨਿਕ’ ਨੇ ਆਪਣੀ ਸ਼ੁਰੂਆਤ ਦੇ ਕੇਵਲ ਦੋ ਮਹੀਨਿਆਂ ਦੌਰਾਨ ਤਿੰਨ ਲੱਖ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਇੱਕ ਹੋਰ ਵੱਡਾ ਕਦਮ ਪੁੱਟਿਆ ਹੈ, ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਦਿੱਤੀ।
ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 100 ਆਮ ਆਦਮੀ ਕਲੀਨਿਕਾਂ ‘ਤੇ ਰੋਜ਼ਾਨਾ ਸੱਤ ਹਜ਼ਾਰ ਤੋਂ ਵੱਧ ਆਮ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਮਰੀਜ਼ਾਂ, ਵਿਸ਼ੇਸ਼ ਤੌਰ ‘ਤੇ ਓ.ਪੀ.ਡੀ. ਸੇਵਾਵਾਂ ਦੀ ਲੋੜ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਏ ਹਨ, ਜੋ ਹੁਣ ਤੱਕ ਲੰਬੀ ਕਤਾਰ ਵਿੱਚ ਖੜ੍ਹੇ ਹੋਣ ਦੇ ਡਰ ਕਾਰਨ ਸਰਕਾਰੀ ਸਿਹਤ ਸਹੂਲਤਾਂ ਦਾ ਦੌਰਾ ਨਹੀਂ ਕਰ ਰਹੇ ਸਨ।
ਸਿਹਤ ਮੰਤਰੀ ਨੇ ਦੱਸਿਆ ਕਿ 15 ਅਗਸਤ ਤੋਂ 15 ਅਕਤੂਬਰ, 2022 ਤੱਕ ਮਰੀਜ਼ਾਂ ਦੀ ਗਿਣਤੀ 347193 ਤੱਕ ਜਾ ਅੱਪੜੀ ਹੈ ਅਤੇ ਹੁਣ ਤੱਕ 45570 ਕਲੀਨਿਕਲ ਟੈਸਟ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਇਹ ਉਪਰਾਲਾ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਰਿਹਾ ਹੈ। ਇਨ੍ਹਾਂ ਕਲੀਨਿਕਾਂ ਤੋਂ 90 ਫੀਸਦੀ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਸ ਨਾਲ ਹਸਪਤਾਲਾਂ ’ਤੇ ਬੋਝ ਘਟਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ 100 ਤਰ੍ਹਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੀਆਂ ਬੁਨਿਆਦੀ ਲੈਬ ਟੈਸਟਿੰਗ ਸਹੂਲਤਾਂ ਇਨ੍ਹਾਂ ਕਲੀਨਿਕਾਂ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਮਰੀਜਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਨ ਪੱਖੋਂ ਐਸ.ਏ.ਐਸ.ਨਗਰ ਸਮੂਹ ਜ਼ਿਲ੍ਹਿਆਂ ਵਿੱਚੋਂ ਅੱਗੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਾਜੇ ਪ੍ਰਾਪਤ ਅੰਕੜਿਆਂ ਅਨੁਸਾਰ, ਐਸ.ਏ.ਐਸ.ਨਗਰ ਵਿੱਚ ਹੁਣ ਤੱਕ ਕੁੱਲ 51000 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 6442 ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜਦੋਂ ਕਿ ਜ਼ਿਲ੍ਹਾ ਲੁਧਿਆਣਾ ਨੇ 41792 ਮਰੀਜਾਂ ਅਤੇ 4435 ਕਲੀਨਿਕਲ ਟੈਸਟਾਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਨੇ 29440 ਮਰੀਜਾਂ ਅਤੇ 3622 ਕਲੀਨਿਕਲ ਟੈਸਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਸ. ਜੌੜਾਮਾਜਰਾ ਨੇ ਦੱਸਿਆ ਕਿ 100 ਕਲੀਨਿਕ (65 ਸ਼ਹਿਰੀ ਖੇਤਰਾਂ ਵਿੱਚ ਅਤੇ 35 ਪੇਂਡੂ ਖੇਤਰਾਂ ਵਿੱਚ) ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਸਰਕਾਰ ਸੂਬੇ ‘ਚ ਛੇਤੀ ਹੀ ਅਜਿਹੇ ਹੋਰ ਕਲੀਨਿਕਾਂ ਦਾ ਨੈੱਟਵਰਕ ਸਥਾਪਤ ਕਰੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਮੁਫਤ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਇਹ ਅਹਿਮ ਪਹਿਲਕਦਮੀ ਸੂਬੇ ਦੀ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਮੁਫਤ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ ਕਲੀਨਿਕਾਂ ਵਿੱਚ ਜਾ ਕੇ ਜਾਂ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਨਾਲ ਡਾਕਟਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।