ਤਰਨ ਤਾਰਨ, 01 ਜੂਨ (ਰਾਜੇਸ਼ ਜੈਨ – ਲਿਕੇਸ਼ ਸ਼ਰਮਾ) : ਲੋਕ ਸਭਾ ਹਲਕਾ-03 ਖਡੂਰ ਸਾਹਿਬ ਵਿੱਚ ਸ਼ਨੀਚਰਵਾਰ ਨੂੰ ਪੋਲਿੰਗ ਬੰਦ ਹੋਣ ਤੋਂ ਬਾਅਦ ਈ. ਵੀ. ਐੱਮ. ਮਸ਼ੀਨਾਂ ਨੂੰ ਸੁਰੱਖਿਆ ਇੰਤਜ਼ਾਮਾਂ ਦੇ ਸਖਤ ਪਹਿਰੇ ਹੇਠ ਸਟਰਾਂਗ ਰੂਮਾਂ ਦੇ ਵਿੱਚ ਪਹੁੰਚਾਇਆ ਗਿਆ।ਇਸ ਵਾਰ ਇਹ ਈ. ਵੀ. ਐੱਮ. ਮਸ਼ੀਨਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਚੋਣ ਲੜ੍ਹ ਰਹੇ 27 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਾਂਤਮਈ ਚੋਣਾਂ ਮੁਕੰਮਲ ਹੋਣ ਤੋਂ ਬਾਅਦ 04 ਜੂਨ ਨੂੰ ਵੋਟਾਂ ਦੀ ਗਿਣਤੀ ਵੱਖ ਵੱਖ ਕਾਉਂਟਿੰਗ ਸੈਂਟਰਾਂ ‘ਤੇ ਹੋਵੇਗੀ।ੳੇੁਨਾਂ ਦੱਸਿਆ ਕਿ ਹਲਕਾ ਖਡੂਰ ਸਾਹਿਬ ਚਾਰ ਜ਼ਿਲ੍ਹਿਆਂ (ਤਰਨ ਤਾਰਨ, ਅੰਮ੍ਰਿਤਸਰ, ਕਪੂਰਥੱਲਾ ਅਤੇ ਫਿਰੋਜ਼ਪੁਰ) ਵਿੱਚ ਆਉਂਦਾ ਹੈ, ਇਸ ਲਈ ਇਸ ਹਲਕੇ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਚਾਰੋਂ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ।ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲਾ੍ਹ ਤਰਨ ਤਾਰਨ ਦੇ ਹਲਕਾ ਤਰਨ ਤਾਰਨ ਅਤੇ ਖਡੂਰ ਸਾਹਿਬ ਦੀ ਗਿਣਤੀ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ ਅਤੇ ਹਲਕਾ ਖੇਮਕਰਨ ਅਤੇ ਪੱਟੀ ਦੀ ਗਿਣਤੀ ਲੈਕਚਰ ਹਾਲ, ਮਾਈ ਭਾਗੋ ਕਾਲਜ ਆਫ ਨਰਸਿੰਗ, ਪਿੱਦੀ ਵਿਖੇ ਹੋਵੇਗੀ। ਉਨਾ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਰੈਜ਼ੀਡੇਂਟਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਅੰਮ੍ਰਿਤਸਰ, ਵਿਧਾਨ ਸਭਾ ਬਾਬਾ ਬਕਾਲਾ ਦੀ ਗਿਣਤੀ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਹੋਵੇਗੀ।ਰਿਟਰਨਿੰਗ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੀ ਗਿਣਤੀ ਵਿਰਸਾ ਵਿਹਾਰ ਕਪੂਰਥਲਾ ਵਿਖੇ ਹੋਵੇਗੀ।ਇਸ ਤੋਂ ਇਲਾਵਾ ਉਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਜ਼ੀਰਾ ਦੀ ਗਿਣਤੀ ਪੰਜਾਬ ਯੂਨੀਵਰਸਿਟੀ ਕਾਲਜ, ਮੋਹਕਮ ਸਿੰਘ ਵਾਲਾ, ਜ਼ੀਰਾ ਰੋਡ ਫਿਰੋਜ਼ਪੁਰ ਵਿਖੇ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕਾਉਂਟਿੰਗ ਸੈਂਟਰਾਂ ‘ਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਾਰੇ ਪ੍ਰਬੰਧ ਜ਼ਿਲਾ ਚੋਣ ਦਫ਼ਤਰ ਵੱਲੋਂ ਕੀਤੇ ਜਾ ਚੁੱਕੇ ਹਨ।