ਬਠਿੰਡਾ (ਬਿਊਰੋ) ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਲਈ ਫੂਡ ਸੇਫਟੀ ਲਾਇਸੈਂਸ ਲਾਜ਼ਮੀ ਕਰ ਦਿੱਤਾ ਹੈ । ਫੂਡ ਸੇਫਟੀ ਲਾਈਸੈਂਸ ਲਈ ਜ਼ਿਲ੍ਹਾ ਸਿਹਤ ਅਫਸਰ ਡਾ ਊੁਸ਼ਾ ਗੋਇਲ ਵੱਲੋਂ ਅੱਜ ਸ਼ਰਾਬ ਦੇ ਠੇਕਿਆਂ ਤੇ ਚੈਕਿੰਗ ਵੀ ਕੀਤੀ ਗਈ ਅਤੇ ਸ਼ਰਾਬ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਐਕਸਾਈਜ਼ ਵਿਭਾਗ ਦੀਆਂ ਸਕੀਮਾਂ ਪ੍ਰਤੀ ਜਾਣੂ ਕਰਵਾਉਂਦਿਆਂ ਫੂਡ ਸੇਫਟੀ ਲਾਇਸੈਂਸ ਲਈ ਆਨਲਾਈਨ ਅਪਲਾਈ ਕਰਨ ਦੀ ਹਦਾਇਤ ਦਿੱਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲਾ ਸਿਹਤ ਅਫਸਰ ਡਾ ਊੁਸ਼ਾ ਗੋਇਲ ਨੇ ਕਿਹਾ ਕਿ ਸ਼ਰਾਬ ਦੇ ਠੇਕਿਆਂ ਲਈ ਫੂਡ ਸੇਫਟੀ ਲਾਈਸੈਂਸ ਲੈਣਾ ਅਤਿ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ15 ਦਿਨਾਂ ਵਿਚ ਲਾਇਸੈਂਸ ਅਪਲਾਈ ਨਾ ਕੀਤਾ ਤਾਂ ਸ਼ਰਾਬ ਦੇ ਠੇਕਿਆਂ ਦੇ ਸੰਚਾਲਕਾਂ ਨੂੰ ਲੱਖਾਂ ਰੁਪਏ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ, ਕਿਉਂਕਿ ਇਹ ਨਿਯਮ ਸਰਕਾਰ ਵੱਲੋਂ ਬਣਾਏ ਗਏ ਹਨ।ਇਸ ਮੌਕੇ ਸ਼ਰਾਬ ਕਾਰੋਬਾਰੀ ਸਾਬਕਾ ਵਿਧਾਇਕ ਦੀਪ ਮਲਹੋਤਰਾ ਅਤੇ ਠੇਕੇਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਐਕਸਾਈਜ਼ ਪਾਲਿਸੀ ਲਈ ਨਵੀਆਂ ਅਰਜ਼ੀਆਂ ਲੈਣੀਆਂ ਹਨ, ਉਨ੍ਹਾਂ ਨੂੰ ਮਹਿਜ ਤਿੰਨ ਮਹੀਨਿਆਂ ਲਈ ਸਮਾਂ ਵਧਾ ਦਿੱਤਾ ਗਿਆ ਸੀ ,ਨਵੀਆਂ ਦਰਖਾਸਤਾਂ ਅਨੁਸਾਰ ਜਿਹੜਾ ਠੇਕੇਦਾਰ ਜਾਂ ਸ਼ਰਾਬ ਕਾਰੋਬਾਰੀ ਠੇਕੇ ਲਵੇਗਾ ਉਹ ਲਾਈਸੰਸ ਅਪਲਾਈ ਕਰੇਗਾ।ਉਨ੍ਹਾਂ ਕਿਹਾ ਕਿ ਹੁਣ ਉਹ ਫੂਡ ਸੇਫਟੀ ਲਾਇਸੈਂਸ ਲਈ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਕੋਲ ਬਹੁਤਾ ਸਮਾਂ ਨਹੀਂ ਬਚਿਆ ਅਤੇ ਥੋੜ੍ਹੇ ਸਮੇਂ ਲਈ ਲੱਖਾਂ ਰੁਪਏ ਦਾ ਨੁਕਸਾਨ ਨਹੀਂ ਕਰ ਸਕਦੇ ,ਪਰ ਸਰਕਾਰ ਦੇ ਨਿਯਮਾਂ ਤਹਿਤ ਉਹ ਕੰਮ ਕਰਨ ਲਈ ਵਚਨਬੱਧ ਹਨ, ਇਸ ਪਾਸੇ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ ।